ਇਜ਼ਰਾਈਲ ਨੇ ਈਰਾਨ ਦੇ ਫੌਜੀ ਟਿਕਾਣਿਆਂ ‘ਤੇ ਹਮਲਾ ਕਰਕੇ ਦੁਨੀਆ ਨੂੰ ਇਹ ਸੰਕੇਤ ਦਿੱਤਾ ਹੈ ਕਿ ਉਹ ਆਪਣੇ ਸੁਰੱਖਿਆ ਸੰਬੰਧੀ ਮਾਮਲਿਆਂ ਵਿੱਚ ਗੰਭੀਰ ਹੈ। ਇਸ ਹਮਲੇ ਨਾਲ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਈਰਾਨ ਦੇ ਖਿਲਾਫ਼ ਉਸ ਦੀ ਜੰਗੀ ਤਿਆਰੀ ਜਾਰੀ ਹੈ। ਜਾਣਕਾਰੀ ਅਨੁਸਾਰ, ਜੇਕਰ ਈਰਾਨ ਇਸ ਹਮਲੇ ਦਾ ਜਵਾਬ ਦਿੰਦਾ ਹੈ, ਤਾਂ ਮੱਧ ਪੂਰਬ ਵਿੱਚ ਇਕ ਹੋਰ ਵੱਡਾ ਤਣਾਅ ਉਤਪੰਨ ਹੋ ਸਕਦਾ ਹੈ, ਜੋ ਸੰਭਾਵਿਤ ਤੌਰ ‘ਤੇ ਇੱਕ ਹੋਰ ਜੰਗ ਦਾ ਰੂਪ ਲੈ ਸਕਦਾ ਹੈ।
ਦੋ ਅਮਰੀਕੀ ਖੋਜਕਰਤਾਵਾਂ ਨੇ ਰਿਪੋਰਟ ਕੀਤਾ ਕਿ ਸੈਟੇਲਾਈਟ ਤਸਵੀਰਾਂ ਤੋਂ ਇਹ ਸਪੱਸ਼ਟ ਹੈ ਕਿ ਇਜ਼ਰਾਈਲੀ ਹਮਲਿਆਂ ਨੇ ਉਹ ਇਮਾਰਤਾਂ ਨਿਸ਼ਾਨੇ ‘ਤੇ ਲਗਾਈਆਂ ਜੋ ਈਰਾਨ ਦੇ ਬੈਲਿਸਟਿਕ ਮਿਜ਼ਾਈਲਾਂ ਲਈ ਠੋਸ ਈਂਧਨ ਦੀ ਤਿਆਰੀ ਵਿੱਚ ਵਰਤੀਆਂ ਜਾਂਦੀਆਂ ਸਨ। ਰਾਇਟਰਜ਼ ਦੀ ਰਿਪੋਰਟ ਅਨੁਸਾਰ, ਇਹ ਹਮਲਾ ਤਹਿਰਾਨ ਦੇ ਨੇੜੇ ਇੱਕ ਮਹੱਤਵਪੂਰਨ ਫੌਜੀ ਅੱਡੇ ‘ਤੇ ਹੋਇਆ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਨੂੰ ਵੱਡਾ ਝਟਕਾ ਲੱਗਾ ਹੈ।
ਵਧੇਰੇ ਜਾਣਕਾਰੀ ਦੇ ਅਨੁਸਾਰ, 2024 ਦੇ ਸ਼ੁਰੂ ਵਿੱਚ ਹੀ ਇਸ ਤਹਿਰਾਨ ਦੇ ਖੋਜਿਰ ਸਥਿਤ ਫੌਜੀ ਅੱਡੇ ਦਾ ਵੱਡੇ ਪੱਧਰ ‘ਤੇ ਵਿਸਤਾਰ ਕੀਤਾ ਗਿਆ ਸੀ। ਖੋਜਕਰਤਾ ਡੇਵਿਡ ਅਲਬ੍ਰਾਈਟ ਦੇ ਕਹਿਣ ਅਨੁਸਾਰ, ਇਜ਼ਰਾਈਲ ਵੱਲੋਂ ਹਮਲਿਆਂ ਦੌਰਾਨ ਤਬਾਹ ਕੀਤੀਆਂ ਇਮਾਰਤਾਂ ਉਹ ਸਨ, ਜਿਨ੍ਹਾਂ ਦੇ ਬਾਰੇ ਕਈ ਸਾਲ ਪਹਿਲਾਂ ਹੀ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਤੇ ਅਮਰੀਕੀ ਖੁਫੀਆ ਏਜੰਸੀਆਂ ਨੇ ਇੰਨੇ ਖ਼ਤਰਨਾਕ ਹੋਣ ਦਾ ਅੰਦਾਜ਼ਾ ਲਗਾਇਆ ਸੀ। ਹਾਲਾਂਕਿ, ਈਰਾਨ ਕਈ ਵਾਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਦਾਅਵਾ ਕਰਦਾ ਹੈ ਕਿ ਇਹਨਾਂ ਥਾਵਾਂ ਨੂੰ 2003 ਤੋਂ ਬੰਦ ਕੀਤਾ ਗਿਆ ਸੀ।
ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਦੇ ਬਿਆਨ ਅਨੁਸਾਰ, ਇਸ ਹਮਲੇ ‘ਚ ਈਰਾਨ ਦੇ ਮਿਜ਼ਾਈਲ ਨਿਰਮਾਣ ਸਥਾਨਾਂ, ਸਤਹ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲ ਪ੍ਰਣਾਲੀਆਂ ਅਤੇ ਹੋਰ ਫੌਜੀ ਢਾਂਚਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਜ਼ਰਾਈਲੀ ਸਰਕਾਰੀ ਚੈਨਲ ਕਾਨ ਟੀਵੀ ਦੇ ਰਿਪੋਰਟ ਮੁਤਾਬਕ, ਐੱਫ-35, ਐੱਫ-16 ਅਤੇ ਐੱਫ-15 ਸਮੇਤ ਲੜਾਕੂ ਜਹਾਜ਼ਾਂ ਨੇ ਈਰਾਨ ਦੇ 20 ਫੌਜੀ ਟਿਕਾਣਿਆਂ ‘ਤੇ ਹਮਲੇ ਕੀਤੇ।
ਦੂਜੇ ਪਾਸੇ, ਈਰਾਨ ਦੀ ਤਸਨੀਮ ਨਿਊਜ਼ ਏਜੰਸੀ ਨੇ ਦੱਸਿਆ ਕਿ ਈਰਾਨ ਦੇ ਹਵਾਈ ਰੱਖਿਆ ਹੈੱਡਕੁਆਰਟਰ ਨੇ ਇਸ ਹਮਲੇ ਦਾ ਮੁਕਾਬਲਾ ਕੀਤਾ ਅਤੇ ਇਜ਼ਰਾਈਲੀ ਹਮਲਿਆਂ ਨੂੰ ਨਾਕਾਮ ਬਣਾਇਆ। ਅਧਿਕਾਰੀਆਂ ਦੇ ਮਤਾਬਕ, ਈਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਇਜ਼ਰਾਈਲੀ ਜਹਾਜ਼ਾਂ ਨੂੰ ਵਾਪਸ ਮੋੜਨ ‘ਚ ਕਾਮਯਾਬੀ ਹਾਸਲ ਕੀਤੀ, ਜਿਸ ਨਾਲ ਸਿਰਫ ਸੀਮਤ ਨੁਕਸਾਨ ਹੋਇਆ। ਤਸਨੀਮ ਦੇ ਰਿਪੋਰਟ ਅਨੁਸਾਰ, ਇਜ਼ਰਾਈਲੀ ਹਮਲਿਆਂ ਦਾ ਮੁੱਖ ਟੀਚਾ ਤਹਿਰਾਨ, ਖੁਜ਼ੇਸਤਾਨ ਅਤੇ ਇਲਾਮ ਪ੍ਰਾਂਤਾਂ ਵਿੱਚ ਫੌਜੀ ਢਾਂਚੇ ਸਨ।