ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਸ਼ਨੀਵਾਰ ਨੂੰ ਇਕ ਵੱਡੇ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ ਕਾਨੂੰਨੀ ਏਜੰਸੀਆਂ ਦੇ 6 ਅਧਿਕਾਰੀ ਵੀ ਸ਼ਾਮਲ ਹਨ। ਹਮਲਾ ਉੱਤਰੀ ਵਜ਼ੀਰਿਸਤਾਨ ਦੇ ਮੀਰ ਅਲੀ ਤਹਿਸੀਲ ਵਿੱਚ ਅਸਲਮ ਚੈੱਕ ਪੋਸਟ ‘ਤੇ ਕੀਤਾ ਗਿਆ ਸੀ, ਜੋ ਅਫਗਾਨਿਸਤਾਨ ਦੇ ਸਰਹੱਦੀ ਇਲਾਕੇ ਨਾਲ ਲੱਗਦੀ ਹੈ।
ਸੂਤਰਾਂ ਮੁਤਾਬਕ ਹਮਲਾਵਰ ਤਿੰਨ ਪਹੀਆ ਵਾਹਨਾਂ ਰਾਹੀਂ ਚੈੱਕ ਪੋਸਟ ਤੇ ਪਹੁੰਚੇ ਅਤੇ ਆਪਣੇ ਵਾਹਨ ਨੂੰ ਸੁਰੱਖਿਆ ਬਲਾਂ ਦੇ ਵਾਹਨਾਂ ਨਾਲ ਟੱਕਰਾ ਦਿੱਤਾ, ਜਿਸ ਨਾਲ ਵੱਡਾ ਧਮਾਕਾ ਹੋਇਆ। ਇਸ ਹਮਲੇ ਕਾਰਨ ਚਾਰ ਪੁਲਿਸ ਅਧਿਕਾਰੀ, ਦੋ ਫਰੰਟੀਅਰ ਕਾਂਸਟੇਬੁਲਰੀ ਦੇ ਸਿਪਾਹੀ ਅਤੇ ਦੋ ਆਮ ਨਾਗਰਿਕਾਂ ਦੀ ਮੌਤ ਹੋਈ। ਕਈ ਹੋਰ ਲੋਕਾਂ ਨੂੰ ਵੀ ਸਖਤ ਜ਼ਖਮ ਆਏ ਹਨ ਅਤੇ ਉਨ੍ਹਾਂ ਦਾ ਇਲਾਜ ਮੀਰਾਂ ਸ਼ਾਹ ਦੇ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਜ਼ਖਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।
ਇਸ ਘਟਨਾ ਤੋਂ ਇਕ ਦਿਨ ਪਹਿਲਾਂ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਵਿੱਚ ਵੀ ਇਕ ਚੌਕੀ ‘ਤੇ ਹਮਲਾ ਹੋਇਆ ਸੀ, ਜਿਸ ‘ਚ 10 ਪੁਲਿਸ ਅਧਿਕਾਰੀ ਮਾਰੇ ਗਏ ਸਨ। ਇਸ ਹਮਲੇ ਨੂੰ ਲਗਭਗ 20-25 ਅੱਤਵਾਦੀਆਂ ਨੇ ਅੰਜਾਮ ਦਿੱਤਾ ਸੀ, ਜੋ ਫਰੰਟੀਅਰ ਕਾਂਸਟੇਬੁਲਰੀ ਦੀ ਚੌਕੀ ਨੂੰ ਨਿਸ਼ਾਨਾ ਬਣਾ ਰਹੇ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਲਈ ਹੈ, ਜਿਸ ਕਰਕੇ ਇਲਾਕੇ ਵਿੱਚ ਸੁਰੱਖਿਆ ਸਥਿਤੀ ਹੋਰ ਜ਼ਿਆਦਾ ਗੰਭੀਰ ਹੋ ਗਈ ਹੈ।
ਸਾਲ 2021 ਤੋਂ ਬਾਅਦ, ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ਦੀ ਸੱਤਾ ਤੇ ਕਬਜ਼ਾ ਕੀਤਾ, ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਸੂਬਿਆਂ ਵਿੱਚ ਅੱਤਵਾਦੀ ਹਮਲਿਆਂ ‘ਚ ਲਗਾਤਾਰ ਵਾਧਾ ਹੋਇਆ ਹੈ। ਅਫਗਾਨ ਸਰਹੱਦ ਨਾਲ ਲੱਗਦੇ ਹੋਣ ਕਾਰਨ ਇਹ ਇਲਾਕੇ ਅੱਤਵਾਦੀ ਗਤੀਵਿਧੀਆਂ ਲਈ ਹਮੇਸ਼ਾਂ ਹੀ ਸੰਵੇਦਨਸ਼ੀਲ ਰਹੇ ਹਨ।
ਉੱਤਰੀ ਵਜ਼ੀਰਿਸਤਾਨ ਵਿੱਚ ਕਈ ਅੱਤਵਾਦ ਵਿਰੋਧੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਅਕਤੂਬਰ ਮਹੀਨੇ ਦੌਰਾਨ, ਕਈ ਅੱਤਵਾਦੀਆਂ ਨੂੰ ਇਨਹੀ ਅਪਰੇਸ਼ਨਾਂ ਦੌਰਾਨ ਠੀਕਾਣੇ ਲਗਾਇਆ ਗਿਆ ਹੈ।