ਖੁਫੀਆ ਏਜੰਸੀ ਕਮਿਊਨੀਕੇਸ਼ਨ ਸੁਰੱਖਿਆ ਐਸਟੈਬਲਿਸ਼ਮੈਂਟ (ਸੀਐਸਈ) ਨੇ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿਦੇਸ਼ਾਂ ਵਿੱਚ ਨਿਗਰਾਨੀ ਕਰਨ ਲਈ ਸਾਈਬਰ ਤਕਨੀਕ ਦੀ ਵਰਤੋਂ ਕਰ ਰਿਹਾ ਹੈ। ਇਹ ਚੇਤਾਵਨੀ ਇੱਕ ਚੋਟੀ ਦੇ ਭਾਰਤੀ ਅਧਿਕਾਰੀ ‘ਤੇ ਵੈਨਕੂਵਰ ਵਿੱਚ ਇੱਕ ਸਿੱਖ ਦੀ ਹੱਤਿਆ ਸਮੇਤ ਹਿੰਸਾ ਦਾ ਦੋਸ਼ ਲਗਣ ਦੇ ਇਕ ਦਿਨ ਬਾਅਦ ਆਈ ਹੈ।
ਸੀਐਸਈ ਚੀਫ਼ ਕੈਰੋਲਿਨ ਜ਼ੇਵੀਅਰ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, “ਇਹ ਸਪੱਸ਼ਟ ਹੈ ਕਿ ਭਾਰਤ ਸਾਨੂੰ ਇੱਕ ਉਭਰਦੇ ਹੋਏ ਸਾਈਬਰ ਖਤਰੇ ਵਜੋਂ ਨਜ਼ਰ ਆ ਰਿਹਾ ਹੈ।” ਜ਼ੇਵੀਅਰ ਨੇ ਇਸ ਗੱਲ ਨੂੰ ਕੈਨੇਡਾ-ਭਾਰਤ ਰਿਸ਼ਤਿਆਂ ਵਿੱਚ ਵੱਧ ਰਹੇ ਤਣਾਅ ਨਾਲ ਜੋੜਦੇ ਹੋਏ ਕਿਹਾ ਕਿ ਸਾਈਬਰ ਹਮਲਿਆਂ ਦੀ ਇਹ ਲਹਿਰ ਕੈਨੇਡਾ ਦੇ ਦੋਸ਼ਾਂ ਤੋਂ ਬਾਅਦ ਸ਼ੁਰੂ ਹੋਈ ਹੈ। ਰਿਪੋਰਟ ਮੁਤਾਬਕ, ਕੈਨੇਡਾ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ, ਇੱਕ ਭਾਰਤ-ਪੱਖੀ ਹੈਕਟਿਵਿਸਟ ਸਮੂਹ ਨੇ ਡੀਡੀਓਐਸ ਹਮਲੇ ਕੀਤੇ, ਜਿਸ ਨਾਲ ਕਈ ਵੈੱਬਸਾਈਟਾਂ ‘ਤੇ ਔਨਲਾਈਨ ਟ੍ਰੈਫਿਕ ਬਹੁਤ ਵੱਧ ਗਿਆ ਅਤੇ ਉਪਭੋਗਤਾ ਸਹੂਲਤਾਂ ਪ੍ਰਭਾਵਿਤ ਹੋਈਆਂ। ਇਨ੍ਹਾਂ ਹਮਲਿਆਂ ਨੇ ਕੈਨੇਡੀਅਨ ਫੌਜ ਦੀ ਜਨਤਕ ਵੈੱਬਸਾਈਟ ਅਤੇ ਕਈ ਹੋਰ ਮਹੱਤਵਪੂਰਣ ਸਰਕਾਰੀ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਇਆ।
ਮੰਗਲਵਾਰ ਨੂੰ, ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਸਾਹਮਣੇ ਕਈ ਅਹਿਮ ਖੁਲਾਸੇ ਕੀਤੇ ਗਏ। ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਕਮੇਟੀ ਵਿੱਚ ਦਿੱਤੇ ਬਿਆਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੈਨੇਡੀਅਨ ਸਿੱਖਾਂ ਨੂੰ ਡਰਾਉਣ-ਧਮਕਾਉਣ ਅਤੇ ਕਤਲ ਕਰਨ ਦੀ ਸੰਭਾਵਨਾ ਵਾਲੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਮੌਰੀਸਨ ਨੇ ਵਾਸ਼ਿੰਗਟਨ ਪੋਸਟ ਦੀ ਇਕ ਖ਼ਬਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ 2023 ਵਿੱਚ ਵੈਨਕੂਵਰ ਵਿੱਚ ਸਿੱਖ ਨੇਤਾ ਨਿੱਝਰ ਦੀ ਹੱਤਿਆ ਸਮੇਤ ਭਾਰਤ ਵੱਲੋਂ ਖੁਫੀਆ ਜਾਣਕਾਰੀ ਇਕੱਠੀ ਕਰਨ ਦੀ ਯੋਜਨਾ ਤੇ ਅਮਲ ਕੀਤਾ ਗਿਆ।
ਇਸ ਹਵਾਲੇ ਨਾਲ ਕੈਨੇਡਾ-ਭਾਰਤ ਸੰਬੰਧਾਂ ਵਿਚ ਵੱਧ ਰਹੇ ਤਣਾਅ ਨੇ ਦੋਵੇਂ ਦੇਸ਼ਾਂ ਵਿਚ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।