ਮੋਢੇ ਉੱਤੇ ਹੱਥ ਰੱਖਣ ਦਾ ਅਹਿਸਾਸ ਹੱਥ ਰੱਖਣ ਵਾਲੇ ਨਾਲੋਂ ਹੱਥ ਰਖਵਾਉਣ ਵਾਲੇ ਉੱਤੇ ਜ਼ਿਆਦਾ ਅਸਰ ਕਰਦਾ ਹੈ। ਹੱਥ ਰਖਵਾਉਣ ਵਾਲੇ ਨੂੰ ਹੱਥ ਰੱਖਣ ਦੇ ਤੌਰ ਤਰੀਕੇ ਦਾ ਸੂਖ਼ਮ ਅਹਿਸਾਸ ਉਹਦੇ ਦਿਲ ਨੂੰ ਵੱਖਰੀ ਕਿਸਮ ਦੀ ਭਾਵਨਾ ਦੇ ਵੇਗ ਚ ਲੈ ਜਾਂਦੈ । ਅਗਰ ਹੱਥ ਰੱਖਣ ਵਾਲੇ ਦੇ ਮਨ ਵਿਚ ਮਾਮੂਲੀ ਜਿਹੀ ਵੀ ਮੈਲ ਹੋਵੇ ਤਾਂ ਉਹਦੇ ਹੱਥ ਦੀਆਂ ਉਂਗਲੀਆਂ ਦਾ ਮਾਮੂਲੀ ਜਿਹਾ ਦਬਾਅ ਵੀ ਔਰਤ ਜਾਤੀ ਨੂੰ ਅਗਲੇ ਪੜਾਅ ਲਈ ਨਾਲ ਤੋਰ ਸਕਦੈ । ਜਾਂ ਫਿਰ ਰੱਖਣ ਵਾਲੇ ਨੂੰ ਬਗਾਵਤ ਦਾ ਅਹਿਸਾਸ ਵੀ ਕਰਵਾ ਦਿੰਦੈ। ਜੇ ਹੱਥ ਰਖਵਾਉਣ ਵਾਲੀ ਔਰਤ ਹੈ ਤੇ ਹੱਥ ਰੱਖਣ ਵਾਲੇ ਦੀ ਭਾਵਨਾ ਚ ਕੋਈ ਪਰਿਵਾਰਕ ਅਸ਼ੀਰਵਾਦ ਦੀ ਝਲਕ ਨਹੀਂ ਪੈਂਦੀ ਤੇ ਔਰਤ ਓਹਦੀ ਮੈਲੀ ਭਾਵਨਾ ਦੇ ਸੂਖ਼ਮ ਅਹਿਸਾਸ ਤੋਂ ਜਾਣਕਾਰ ਹੋ ਕੇ ਵੀ ਵਿਰੋਧੀ ਭਾਵਨਾ ਦਾ ਇਜ਼ਹਾਰ ਨਹੀਂ ਕਰਦੀ , ਫਿਰ ਜਾਂ ਤਾਂ ਉਹ ਸਹਿਮਤੀ ਦੇ ਦਰਵਾਜ਼ੇ ਖੋਲ੍ਹਦੀ ਹੈ ਜਾਂ ਫਿਰ ਮੈਲੀ ਨਜ਼ਰ ਵਾਲੇ ਨੂੰ ਇਕ ਸੁਧਰਨ ਦਾ ਹੋਰ ਮੌਕਾ ਦਿੰਦੀ ਹੈ । ਜੇ ਇੱਕ ਭਰਾ ਦੂਜੇ ਭਰਾ ਦੇ ਮੋਢੇ ਤੇ ਹੱਥ ਰੱਖਦਾ ਤਾਂ ਹੱਥ ਰਖਵਾਉਣ ਵਾਲਾ ਭਰਾ ਪਹਾੜਾਂ ਨਾਲ ਟਕਰਾ ਜਾਣ ਦੇ ਸਮਰੱਥ ਹੋ ਜਾਂਦਾ ਹੈ । ਜੇ ਭਰਾ ਰੱਖਿਆ ਹੋਇਆ ਹੱਥ ਚੁੱਕ ਲਵੇ ਤਾਂ ਦੂਜੇ ਭਰਾ ਲਈ ਇਹ ਘੁੱਗ ਵਸਦਾ ਸੰਸਾਰ ਕਾਲ ਕੋਠੜੀ ਜਾਪਣ ਲੱਗਦਾ ਹੈ।
ਬਜ਼ੁਰਗ ਬਾਪੂ ਦਾ ਜਵਾਨ ਬੇਟੇ ਦੇ ਮੋਢੇ ਤੇ ਰੱਖਿਆ ਹੱਥ ਬੁਢਾਪੇ ਚ ਵੀ ਆਨੰਦਮਈ ਪਲਾਂ ਦਾ ਅਹਿਸਾਸ ਕਰਵਾ ਕੇ ਥੋੜ੍ਹੀ ਰਹਿ ਗਈ ਵਾਟ ਨੂੰ ਸੁਖਦਮਈ ਬਣਾ ਦਿੰਦਾ ਹੈ।
ਮਾਂ ਵੱਲੋਂ ਆਪਣੀ ਔਲਾਦ ਦੇ ਮੋਢੇ ਤੇ ਰੱਖੇ ਹੱਥ ਦੀ ਸ਼ਕਤੀ ਔਲਾਦ ਨੂੰ ਵਿਸ਼ਵ ਜੇਤੂ ਬਣਾਉਣ ਦੀ ਸਮਰੱਥਾ ਰੱਖਦੀ ਹੈ। ਸਾਡੀਆਂ ਅਰਦਾਸਾਂ ਚ ਇਹ ਗੱਲ ਹਮੇਸ਼ਾਂ ਸ਼ਾਮਲ ਹੁੰਦੀ ਹੈ ਕਿ ਹੇ ਵਾਹਿਗੁਰੂ ਆਪਣੇ ਸੇਵਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀਂ ।ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੋਢੇ ਤੇ ਰੱਖੇ ਹੱਥ ਅਤੇ ਅਸ਼ੀਰਵਾਦ ਨੇ ਮੁਗਲ ਸਲਤਨਤ ਦੀਆਂ ਜੜ੍ਹਾਂ ਹੀ ਉਖਾੜ ਸੁੱਟੀਆਂ । ਇਹ ਮਿਹਰ ਭਰੇ ਹੱਥ ਕਰਮਾਂ ਵਾਲਿਆਂ ਨੂੰ ਹੀ ਨਸੀਬ ਹੁੰਦੇ ਹਨ । ਨਹੀਂ ਤਾਂ ਇਹ ਦੁਨੀਆਂ ਦਾ ਮੇਲਾ ਸਵਾਰਥੀ ਲੋਕਾਂ ਨਾਲ ਨੱਕੋ ਨੱਕ ਭਰਿਆ ਪਿਆ ਹੈ। ਵੰਡਣ ਵਾਲਿਆਂ ਨਾਲੋਂ ਖੋਹ ਕੇ ਖਾਣ ਵਾਲਿਆਂ ਦੀ ਵੱਡੀ ਭੀੜ ਹੈ।
ਗੁਰਦੀਪ ਸਿੰਘ ਕੰਗ