ਲੰਡਨ : ਬ੍ਰਿਟੇਨ ਵਿੱਚ ਇੱਕ ਗੈਰੀ ਫ੍ਰੀਲੈਂਡ ਨਾਂ ਦੇ ਸਾਬਕਾ ਫ਼ੌਜੀ ਨੇ ਆਪਣੇ ਲਈ ਇੱਕ ਅਜਿਹੀ ਗੱਡੀ ਤਿਆਰ ਕੀਤੀ ਹੈ, ਜਿਸ ਨੂੰ ਸੜਕ ਉੱਤੇ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ। ਰਿਪੋਰਟ ਅਨੁਸਾਰ 35 ਸਾਲਾ ਗੈਰੀ ਫ੍ਰੀਲੈਂਡ, ਇੰਗਲੈਂਡ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਇੱਕ ਫੌਜੀ ਟੈਂਕ ਨੂੰ ਆਪਣੇ ਰੋਜ਼ਾਨਾ ਦੀ ਸਵਾਰੀ ਬਣਾਇਆ ਹੈ।ਉਸ ਨੇ ਫੌਜੀ ਟੈਂਕ ਵਿੱਚ ਮਾਮੂਲੀ ਤਬਦੀਲੀਆਂ ਕਰ ਕੇ ਆਪਣੇ ਪਰਿਵਾਰ ਲਈ ਸ਼ਾਹੀ ਸਵਾਰੀ ਤਿਆਰ ਕੀਤੀ ਹੈ। ਉਸ ਨੇ ਇਸ ਟੈਂਕ ਨੂੰ ਚੱਲਣ ਯੋਗ ਬਣਾਉਣ ਲਈ ਇਸ ਉੱਤੇ ਕਰੀਬ 19 ਲੱਖ ਰੁਪਏ ਖਰਚ ਕੀਤੇ ਹਨ।
ਛੁੱਟੀਆਂ ਉੱਤੇ ਰਾਈਡ ਲੈਣ ਲਈ ਉਹ ਫ਼ੌਜੀ ਟੈਂਕ ਦੀ ਵਰਤੋਂ ਕਰਦੇ ਹਨ। ਪਰਵਾਰਕ ਮੈਂਬਰ ਇਸ ਉੱਤੇ ਬੈਠ ਕੇ ਸੁਪਰਮਾਰਕੀਟ ਜਾਂਦੇ ਹਨ ਅਤੇ ਆਪਣੇ ਰੋਜ਼ ਦੇ ਕੰਮ ਕਰਦੇ ਹਨ। ਗੈਰੀ ਬਚਪਨ ਤੋਂ ਹੀ ਫ਼ੌਜੀ ਵਾਹਨਾਂ ਦਾ ਸ਼ੌਕੀਨ ਹੈ ਅਤੇ 16 ਸਾਲ ਦੀ ਉਮਰ ਵਿੱਚ ਫ਼ੌਜ ਵਿੱਚ ਭਰਤੀ ਹੋ ਗਿਆ ਸੀ। 20 ਸਾਲਾਂ ਬਾਅਦ ਉਸ ਨੇ ਆਪਣਾ ਫ਼ੌਜੀ ਵਾਹਨ ਖਰੀਦਿਆ ਅਤੇ ਇਸ ਨੂੰ ਆਪਣੇ ਜੱਦੀ ਸ਼ਹਿਰ ਐਮੇਸਬਰੀ ਦੀਆਂ ਸੜਕਾਂ ਉੱਤੇ ਚਲਾਉਂਣ ਲੱਗ ਪਿਆ।