ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਪੀ.ਏ. ਗੁਰਪਾਲ ਸਿੰਘ ਵੱਲੋਂ ਉਨ੍ਹਾਂ ਦੇ ਪਿੰਡ ਰਾਮੂਵਾਲਾ ਨਵਾਂ ਵਿਖੇ ਸਥਿਤ ਘਰੋਂ ਲੱਖਾਂ ਰੁਪਏ ਨਕਦ, ਸੋਨੇ ਦੇ ਗਹਿਣੇ, ਸ਼ੇਅਰ ਆਦਿ ਚੋਰੀ ਕਰਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਵੱਲੋਂ ਥਾਣਾ ਮਹਿਣਾ ‘ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ‘ਚ ਕਿਹਾ ਕਿ ਰਾਮੂਵਾਲੀਆ ਦੇ ਨਾਲ ਗੁਰਪਾਲ ਸਿੰਘ ਵਾਸੀ ਪੱਖਰਵੱਡ ਕਾਫ਼ੀ ਲੰਮੇ ਸਮੇਂ ਤੋਂ ਪਰਸਨਲ ਸੈਕਟਰੀ ਦੇ ਤੌਰ ’ਤੇ ਕੰਮ ਕਰਦਾ ਸੀ ਅਤੇ ਥੋੜ੍ਹੇ ਸਮੇਂ ਵਿੱਚ ਹੀ ਉਸ ਨੇ ਭਰੋਸਾ ਜਿੱਤ ਲਿਆ ਤੇ ਹੌਲੀ-ਹੌਲੀ ਉਹ ਪਿੰਡ ਰਾਮੂਵਾਲਾ ਨਵਾਂ ਵਿਖੇ ਸਥਿਤ ਘਰ ‘ਚੋਂ ਕੀਮਤੀ ਸਾਮਾਨ, ਪੈਸੇ, ਗਹਿਣੇ ਆਦਿ ਗਾਇਬ ਕਰਨ ਲੱਗ ਪਿਆ ਤੇ 3 ਮਹੀਨੇ ਪਹਿਲਾਂ ਸਾਨੂੰ ਦੱਸੇ ਬਿਨਾਂ ਵਿਦੇਸ਼ ਭੱਜ ਗਿਆ।
ਹੁਣ ਸਾਨੂੰ ਪਤਾ ਲੱਗਾ ਹੈ ਕਿ ਗੁਰਪਾਲ ਸਿੰਘ ਨੇ ਵਿਦੇਸ਼ ਜਾਣ ਤੋਂ ਪਹਿਲਾਂ ਹੇਰਾਫੇਰੀ ਨਾਲ ਗਾਇਬ ਕੀਤਾ ਸਾਮਾਨ, ਜਿਸ ਵਿਚ 30-35 ਤੋਲੇ ਸੋਨਾ, ਨਕਦੀ, ਟੋਰਸ ਕੰਪਨੀ ਦੇ ਇਕ ਹਜ਼ਾਰ ਸ਼ੇਅਰ ਆਪਣੇ ਜੀਜੇ ਰੇਸ਼ਮ ਸਿੰਘ, ਭੈਣ ਰਾਜ ਕੌਰ ਤੇ ਭਾਣਜੀ ਸਮਰਪ੍ਰੀਤ ਕੌਰ ਕੋਲ ਰੱਖੇ ਹਨ। ਇਸ ਤਰ੍ਹਾਂ ਕਥਿਤ ਦੋਸ਼ੀ ਨੇ ਕਰੀਬ 75 ਲੱਖ ਰੁਪਏ ਦਾ ਕੀਮਤੀ ਸਾਮਾਨ, ਗਹਿਣੇ, ਸ਼ੇਅਰ, ਸਰਟੀਫਿਕੇਟ ਆਦਿ ਚੋਰੀ ਕਰ ਲਏ, ਜਿਸ ਦਾ ਪਤਾ ਲੱਗਣ ’ਤੇ ਆਈ.ਜੀ. ਫਰੀਦਕੋਟ ਰੇਂਜ ਨੂੰ ਵੀ ਕਥਿਤ ਦੋਸ਼ੀ ਦੇ ਖ਼ਿਲਾਫ਼ ਸ਼ਿਕਾਇਤ ਪੱਤਰ ਦਿੱਤਾ ਗਿਆ।