ਇਪਸਸ ਵੱਲੋਂ 28 ਅਕਤੂਬਰ ਤੋਂ 1 ਨਵੰਬਰ 2022 ਦੇ ਵਿਚਕਾਰ ਕਰਵਾਏ ਨਵੇਂ ਸਰਵੇ ਮੁਤਾਬਿਕ ਵਧੇਰੇ ਕੈਨੇਡੀਅਨ ਭੋਜਨ,ਕੱਪੜੇ ਅਤੇ ਹੋਰ ਜ਼ਰੂਰੀ ਲੋੜਾਂ ਲਈ ਚੈਰਿਟੀ ਸੇਵਾਵਾਂ ‘ਤੇ ਨਿਰਭਰ ਹੋ ਰਹੇ ਹਨ। ਇਸ ਸਰਵੇ ਅਨੁਸਾਰ 22% ਕੈਨੇਡੀਅਨਜ਼ ਚੈਰੀਟੇਬਲ ਸੇਵਾਵਾਂ ਦੀ ਵਰਤੋਂ ਕਰ ਰਹੇ ਹਨ ਜੋ ਕਿ ਜਨਵਰੀ ਨਾਲੋਂ 8% ਵੱਧ ਹੈ। ਕੈਨੇਡਾ ਹੈਲਪਜ਼ ਦਾ ਕਹਿਣਾ ਹੈ ਕਿ ਇਹ ਵਾਧਾ ਲਗਾਤਾਰ ਵਧਦੀ ਆਰਥਿਕ ਅਨਿਸ਼ਚਿਤਤਾ ਦੇ ਕਾਰਨ ਹੈ।
ਇਸ ਸਰਵੇ ਅਨੁਸਾਰ, 18 ਅਤੇ 34 ਸਾਲ ਦੀ ਉਮਰ ਦੇ ਤਿੰਨ ਵਿੱਚੋਂ ਇੱਕ ਕੈਨੇਡੀਅਨ ਨੇ ਚੈਰੀਟੇਬਲ ਸੇਵਾਵਾਂ ਦੀ ਲੋੜ ਹੋਣ ਦੀ ਗੱਲ ਆਖੀ ਹੈ । 35 ਤੋਂ 54 ਸਾਲ (26 ਪ੍ਰਤੀਸ਼ਤ) ਦੀ ਉਮਰ ਦੇ ਇੱਕ ਚੌਥਾਈ ਤੋਂ ਵੱਧ ਲੋਕ ਅਤੇ ਚਾਰ ਵਿੱਚੋਂ ਇੱਕ ਮਾਪੇ (27 ਪ੍ਰਤੀਸ਼ਤ) ਵੀ ਜ਼ਰੂਰੀ ਵਸਤਾਂ ਲਈ ਚੈਰੀਟੇਬਲ ਸੇਵਾਵਾਂ ਤੱਕ ਪਹੁੰਚ ਕਰਨ ਦੀ ਯੋਜਨਾ ਬਣਾਉਣ ਦੀ ਗੱਲ ਆਖ ਰਹੇ ਹਨ।
ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਸਤੰਬਰ ਮਹੀਨੇ ‘ਚ ਮਹਿੰਗਾਈ ਦਰ 6.9 % ਦਰਜ ਕੀਤੀ ਗਈ ਸੀ। ਜੂਨ ਵਿਚ ਮਹਿੰਗਾਈ ਦਰ 40 ਸਾਲ ਦਾ ਰਿਕਾਰਡ ਤੋੜਦਿਆਂ 8.1 ਫ਼ੀਸਦੀ ‘ਤੇ ਪਹੁੰਚ ਗਈ ਸੀ।
ਕੈਨੇਡਾ ਹੈਲਪਜ਼ ਦੀ CEO ਜੇਨ ਰਿਕਾਰਡੇਲੀ ਨੇ ਕਿਹਾ ਅਸੀਂ ਜਾਣਦੇ ਹਾਂ ਕਿ ਦੇਸ਼ ਭਰ ਦੇ ਕੈਨੇਡੀਅਨ ਵੱਧ ਰਹੀਆਂ ਵਿਆਜ ਦਰਾਂ ਅਤੇ ਮਹਿੰਗਾਈ ਪ੍ਰਭਾਵ ਨੂੰ ਮਹਿਸੂਸ ਕਰ ਰਹੇ ਹਨ, ਪਰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ 10 ਵਿੱਚੋਂ 2 ਕੈਨੇਡੀਅਨਜ਼ ਨੂੰ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਚੈਰਿਟੀਜ਼ ਤੋਂ ਸਹਾਇਤਾ ਦੀ ਲੋੜ ਪਵੇਗੀ ।