ਮੈਨੀਟੋਬਾ ਸਰਕਾਰ ਵੱਲੋਂ ਆਪਣੇ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਵਿਚ ਵਿਸਥਾਰ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ 2023 ਦੌਰਾਨ 9500 ਬਿਨੈਕਾਰਾਂ ਨੂੰ ਨੌਮੀਨੇਸ਼ਨ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ। ਮੈਨੀਟੋਬਾ ਦੇ ਇਮੀਗ੍ਰੇਸ਼ਨ ਮਨਿਸਟਰ ਜੌਨ ਰੇਅਸ ਵੱਲੋਂ ਇਸਦੀ ਘੋਸ਼ਣਾ ਕੀਤੀ ਗਈ। ਇਮੀਗ੍ਰੇਸ਼ਨ ਮਨਿਸਟਰ ਨੇ ਕਿਹਾ ਕਿ ਪ੍ਰੋਵਿੰਸ ਵਿੱਚ ਆਏ ਹੋਏ ਇਮੀਗ੍ਰੈਂਟਸ ਆਪਣੇ ਹੁਨਰ ਅਤੇ ਪ੍ਰਤਿਭਾ ਸਦਕਾ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ, ਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਕੈਨੇਡਾ ਦੀ ਸਮੁੱਚੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਮੀਗ੍ਰੇਸ਼ਨ ਸਲਾਹਕਾਰ ਕੌਂਸਲ ਵੱਲੋਂ ਜਾਰੀ ਰਿਪੋਰਟ ਵਿੱਚ ਮੈਨੀਟੋਬਾ ਵਿੱਚ ਇਮੀਗ੍ਰੇਸ਼ਨ ਨੂੰ ਵਧਾਉਣਾ ਸ਼ਾਮਿਲ ਹੈ। ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਨੌਮੀਨੇਸ਼ਨਜ਼ ਵਿੱਚ ਕਰੀਬ 50 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਸਾਲ 2022 ਦੌਰਾਨ ਇਹ ਗਿਣਤੀ 6,325 ਸੀ ਅਤੇ ਇਸ ਵਿੱਚ 3,175 ਨੌਮੀਨੇਸ਼ਨਜ਼ ਦਾ ਵਾਧਾ ਕੀਤਾ ਗਿਆ ਹੈ।
Immigration to Manitoba is one of our government’s key priorities. During 2023 we will be receiving a record 9,500 allocations welcoming more newcomers to Friendly Manitoba. #HomeOfHopeMB #mbpoli pic.twitter.com/eqkhChEIYq
— Jon Reyes (@MinJonReyes) March 11, 2023
ਕਰੀਬ 185,000 ਬਿਨੈਕਾਰ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ 1998 ਵਿੱਚ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਨੌਮੀਨੇਸ਼ਨ ਹਾਸਿਲ ਕਰ ਕੈਨੇਡਾ ਆ ਚੁੱਕੇ ਹਨ। 2022 ਵਿੱਚ, 21,000 ਤੋਂ ਵੱਧ ਪ੍ਰਵਾਸੀਆਂ ਨੇ ਆਪਣੀ ਅਰਜ਼ੀ ਵਿੱਚ ਮੈਨੀਟੋਬਾ ਨੂੰ ਆਪਣਾ ਘਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਸੀ। ਅੰਕੜਿਆਂ ਮੁਤਾਬਿਕ ਪਿਛਲੇ ਸਾਲ ਲਗਭਗ 18 ਪ੍ਰਤੀਸ਼ਤ ਨਾਮਜ਼ਦ ਵਿਅਕਤੀਆਂ ਨੇ ਵਿਨੀਪੈਗ ਤੋਂ ਬਾਹਰ, ਮੁੱਖ ਤੌਰ ‘ਤੇ ਬ੍ਰੈਂਡਨ, ਸ੍ਟੇਨਬੈਕ, ਮੋਰਡਨ, ਵਿੰਕਲਰ ਅਤੇ ਥਾਮਸਨ ਵਿੱਚ ਰਹਿਣ ਦੀ ਚੋਣ ਕੀਤੀ। ਲੰਘੇ ਸਾਲ ਮੈਨੀਟੋਬਾ ਵਿੱਚ ਆਉਣ ਵਾਲੇ ਵਿਅਕਤੀਆਂ ਵਿੱਚੋਂ 64 ਪ੍ਰਤੀਸ਼ਤ ਪ੍ਰੋਵਿੰਸ਼ੀਅਲ ਨਾਮਜ਼ਦ ਸਨ। ਮੈਨੀਟੋਬਾ ਦੇ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਵਿੱਚ ਬਿਨੈਕਾਰਾਂ ਨੂੰ ਮੈਨੀਟੋਬਾ ਵਿੱਚ ਕੋਈ ਰਿਸ਼ਤੇਦਾਰ ਹੋਣ ਦੇ ਵੀ ਅੰਕ ਮਿਲਦੇ ਹਨ।