ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਲੰਡਨ ਜਾਣ ਲਈ ਅੰਮ੍ਰਿਤਸਰ ਹਵਾਈ ਅੱਡੇ ਉਤੇ ਪੁੱਜੀ ਸੀ। ਇਸ ਦੌਰਾਨ ਪੁਲਿਸ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿਰਨਦੀਪ ਕੌਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਲੰਡਨ ਜਾਣ ਲਈ ਫਲਾਈਟ ਫੜ੍ਹਨ ਵਾਲੀ ਸੀ, ਉਸ ਤੋਂ ਪਹਿਲਾਂ ਹੀ ਅਧਿਕਾਰੀਆਂ ਨੇ ਉਸਨੂੰ ਰੋਕ ਲਿਆ ਸੀ।
ਜਾਣਕਾਰੀ ਅਨੁਸਾਰ ਇੰਮੀਗ੍ਰੇਸ਼ਨ ਵਿਭਾਗ ਤੇ ਪੁਲਿਸ ਅਧਿਕਾਰੀਆਂ ਨੇ ਉਸ ਤੋਂ ਅੰਮ੍ਰਿਤਪਾਲ ਸਿੰਘ ਤੇ ਫੰਡਿੰਗ ਸਬੰਧੀ ਲੰਮਾ ਸਮਾਂ ਪੁੱਛਗਿੱਛ ਕੀਤੀ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇੱਕ ਬੰਦ ਕਮਰੇ ਵਿੱਚ ਇਮੀਗ੍ਰੇਸ਼ਨ ਵਿਭਾਗ ਦੇ 8 ਅਧਿਕਾਰੀਆਂ ਵੱਲੋਂ ਕਿਰਨਦੀਪ ਕੋਲੋਂ ਪੁੱਛਗਿੱਛ ਕੀਤੀ ਗਈ। ਪੁਲਿਸ ਅੰਮ੍ਰਿਤਪਾਲ ਦੀ ਪਤਨੀ ਤੋਂ ਨਾ ਸਿਰਫ ਉਸ ਦੇ ਪਤੀ ਦੇ ਟਿਕਾਣਿਆਂ ਬਾਰੇ ਸਗੋਂ ਉਸ ਦੇ ਕੰਮ ਬਾਰੇ ਵੀ ਪੁੱਛਗਿੱਛ ਕੀਤੀ। ਚਰਚਾ ਇਹ ਵੀ ਹੈ ਕਿ ਸਾਮਾਨ ਓਵਰਲੋਡਿੰਗ ਹੋਣ ਕਾਰਨ ਕਿਰਨਦੀਪ ਕੌਰ ਲੰਦਨ ਨਹੀਂ ਜਾ ਸਕੇ।
ਅੰਮ੍ਰਿਤਸਰ ਹਵਾਈ ਅੱਡੇ ਉਤੇ ਕਿਰਨਦੀਪ ਕੌਰ ਕੋਲੋਂ ਕਰੀਬ ਢਾਈ ਪੁੱਛਗਿੱਛ ਕਰਨ ਮਗਰੋਂ ਉਨ੍ਹਾਂ ਨੂੰ ਪਿੰਡ ਵਾਪਸ ਭੇਜ ਦਿੱਤਾ ਗਿਆ ਹੈ ਜਦਕਿ ਉਹ ਲੰਦਨ ਜਾਣ ਦੀ ਤਿਆਰੀ ਵਿੱਚ ਸੀ। ਪੁਲਿਸ ਨੇ ਕਿਰਨਦੀਪ ਕੌਰ ਨੂੰ ਉਡਾਣ ਚੜ੍ਹਨ ਤੋਂ ਪਹਿਲਾਂ ਹੀ ਰੋਕ ਲਿਆ। ਦੱਸ ਦੱਈਏ ਕਿ ਕਿਰਨਦੀਪ ਮੂਲ ਰੂਪ ਤੋਂ ਜਲੰਧਰ ਦੇ ਪਿੰਡ ਕੁਲਾਰਾਂ ਦੀ ਰਹਿਣ ਵਾਲੀ ਹੈ ਪਰ ਕਾਫੀ ਸਾਲ ਪਹਿਲਾਂ ਉਸਦਾ ਪਰਿਵਾਰ ਇੰਗਲੈਂਡ ਸ਼ਿਫਟ ਹੋ ਗਿਆ ਸੀ। ਹੁਣ ਉਹ ਉਥੋਂ ਦੀ ਨਾਗਰਿਕ ਹੈ।