ਫ਼ਲਾਈਟ ਅਟੈਨਡੈਂਟਸ ਅੱਜ ਕੈਨੇਡਾ ਦੇ ਚਾਰ ਪ੍ਰਮੁੱਖ ਹਵਾਈ ਅੱਡਿਆਂ ‘ਤੇ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੰਮਕਾਜ ਦੀਆਂ ਸਥਿਤੀਆਂ ਉਨ੍ਹਾਂ ਲਈ ਜਾਇਜ਼ ਨਹੀਂ ਹਨ ਅਤੇ ਉਨ੍ਹਾਂ ਨੂੰ ਆਪਣੇ ਕੰਮ ਦਾ ਬਣਦਾ ਇਵਜ਼ਾਨਾ ਨਹੀਂ ਮਿਲਦਾ। 18,500 ਫ਼ਲਾਈਟ ਅਟੈਨਡੈਂਟਸ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ, CUPE ਦਾ ਕਹਿਣਾ ਹੈ ਕਿ ਜਦੋਂ ਫ਼ਲਾਈਟ ਅਟੈਨਡੈਂਟਸ ਨੂੰ ਆਪਣੇ ਨੌਕਰੀਦਾਤਾ ਲਈ ਹਾਜ਼ਰ ਹੋਣਾ ਪੈਂਦਾ ਹੈ, ਤਾਂ ਉਸ ਵਿਚੋਂ ਉਹ ਔਸਤਨ 35 ਘੰਟੇ ਬਗ਼ੈਰ ਤਨਖ਼ਾਹ ਦੇ ਕੰਮ ਕਰਦੇ ਹਨ।
ਏਅਰ ਕੈਨੇਡਾ ਵਿਚ ਫ਼ਲਾਈਟ ਅਟੈਨਡੈਂਟ ਅਤੇ CUPE ਦੀ ਏਅਰਲਾਈਨ ਡਿਵੀਜ਼ਨ ਦੇ ਪ੍ਰੈਜ਼ੀਡੈਂਟ, ਵੈਸਲੀ ਲੈਸੋਸਕਾਈ ਦਾ ਕਹਿਣਾ ਹੈ ਕਿ ਫ਼ਲਾਈਟ ਅਟੈਨਡੈਂਟਸ ਨੂੰ ਮੋਟੇ ਤੌਰ ‘ਤੇ ਉਸ ਹਿਸਾਬ ਨਾਲ ਤਨਖ਼ਾਹ ਮਿਲਦੀ ਹੈ, ਜਿੰਨਾ ਸਮਾਂ ਜਹਾਜ਼ ਚੱਲ ਰਿਹਾ ਹੁੰਦਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਇਸਦਾ ਮਤਲਬ ਇਹ ਹੋਇਆ ਕਿ ਅਜਿਹੇ ਬਹੁਤ ਸਾਰੇ ਕੰਮ ਹਨ ਜੋ ਫ਼ਲਾਈਟ ਅਟੈਨਡੈਂਟ ਬਗ਼ੈਰ ਤਨਖ਼ਾਹ ਦੇ ਕਰਦੇ ਹਨ। ਯੂਨੀਅਨ ਅਨੁਸਾਰ ਫ਼ਲਾਈਟ ਅਟੈਨਡੈਂਟਸ ਸੁਰੱਖਿਆ ਨਾਲ ਸਬੰਧਤ ਕੰਮ, ਸੇਵਾਵਾਂ ਦੀ ਤਿਆਰੀ, ਬੋਰਡਿੰਗ, ਜਹਾਜ਼ ਤੋਂ ਸਵਾਰੀਆਂ ਦਾ ਉਤਰਨਾ, ਇੰਤਜ਼ਾਰ ਅਤੇ ਇਸ ਤਰ੍ਹਾਂ ਦੇ ਹੋਰ ਕਈ ਕੰਮ ਕਰਦੇ ਹਨ।