ਉੱਤਰੀ ਐਲਬਰਟਾ ਵਿਚ ਪੈਂਦੇ ਮੂਲਨਿਵਾਸੀ ਇਲਾਕੇ ਮਿਕਿਸੂ ਕ੍ਰੀ ਫ਼ਸਟ ਨੇਸ਼ਨ (MCFN) ਨੇ ਭਾਈਚਾਰੇ ਵਿਚ ਆਤਮ-ਹੱਤਿਆਵਾਂ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਲ ਸਟੇਟ ਔਫ਼ ਐਮਰਜੈਂਸੀ ਦਾ ਐਲਾਨ ਕੀਤਾ ਹੈ। ਐਲਬਰਟਾ ਦੇ ਫ਼ੋਰਟ ਚਿਪੂਯਾਨ ਵਿਚ ਸਥਿਤ ਇਸ ਮੂਲਨਿਵਾਸੀ ਸਮੂਹ ਦਾ ਕਹਿਣਾ ਹੈ ਭਾਈਚਾਰੇ ਦੇ ਮੈਂਬਰਾਂ ਵਿਚ ਵਧਦੇ ਮਾਨਸਿਕ ਸਿਹਤ ਸੰਕਟ ਨਾਲ ਨਜਿੱਠਣ ਲਈ ਤੁਰੰਤ ਮੈਡੀਕਲ ਮਦਦ ਦੀ ਜ਼ਰੂਰਤ ਹੈ। ਐਲਨ ਨੇ ਕਿਹਾ ਕਿ ਨਸ਼ਿਆਂ ਦੀ ਲਤ ਕਰਕੇ ਵੀ ਮਾਨਸਿਕ ਸਿਹਤ ਸੰਕਟ ਗਹਿਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਸਹਾਇਤਾ ਜ਼ਰੂਰੀ ਹੈ ਪਰ ਭਾਈਚਾਰੇ ਨੂੰ ਨਸ਼ਿਆਂ ਦੀ ਤਸਕਰੀ ਦਾ ਵੀ ਖ਼ਾਤਮਾ ਕਰਨ ਦੀ ਲੋੜ ਹੈ।
MCFN ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿਚ ਕਿਹਾ ਕਿ ਭਾਈਚਾਰੇ ਦੇ ਲੋਕਾਂ ਵਿਚ ਆਤਮ-ਹੱਤਿਆਵਾਂ ਅਤੇ ਆਤਮ-ਹੱਤਿਆ ਦੀਆਂ ਕੋਸ਼ਿਸ਼ਾਂ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਗ਼ੌਰਤਲਬ ਹੈ ਕਿ ਇਹ ਫ਼ਸਟ ਨੇਸ਼ਨ ਫ਼ੋਰਟ ਮੈਕਮਰੇ ਤੋਂ 280 ਕਿਲੋਮੀਟਰ ਉੱਤਰ ਵਿਚ ਹੈ ਅਤੇ ਇੱਥੇ ਸਿਰਫ਼ ਜਹਾਜ਼, ਕਿਸ਼ਤੀ ਜਾਂ ਆਈਸ ਰੋਡ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ। ਕਮਿਊਨਿਟੀ ਲੀਡਰਾਂ ਦਾ ਕਹਿਣਾ ਹੈ ਕਿ ਜੇ ਤੁਰੰਤ ਮਾਨਸਿਕ ਸਿਹਤ ਸਰੋਤ ਉਪਲਬਧ ਨਹੀਂ ਹੁੰਦੇ, ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ ਅਤੇ ਬਾਕੀ ਮੈਂਬਰ ਵੀ ਇਸ ਪ੍ਰਭਾਵ ਦੇ ਹੇਠ ਆ ਸਕਦੇ ਹਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਫ਼ਸਟ ਨੇਸ਼ਨ ਦੇ ਲੀਡਰ ਨੌਜਵਾਨਾਂ ਵਿਚ ਆਤਮ-ਹੱਤਿਆਵਾਂ ਦੀਆਂ ਸੰਭਾਵਨਾਵਾਂ ਅਤੇ ਖੁਦਕੁਸ਼ੀ ਦੇ ਵਿਚਾਰਾਂ ਦੇ ਉਤਪੰਨ ਹੋਣ ਨੂੰ ਲੈਕੇ ਬੇਹੱਦ ਚਿੰਤਤ ਹਨ।ਫ਼ਸਟ ਨੇਸ਼ਨ ਚੀਫ਼ ਅਤੇ ਕੌਂਸਲ ਦੁਆਰਾ ਵੋਟਿੰਗ ਤੋਂ ਬਾਅਦ ਸੋਮਵਾਰ ਨੂੰ ਲੋਕਲ ਸਟੇਟ ਔਫ਼ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਚੀਫ਼ ਬਿਲੀ ਜੋਅ ਟੁਕਾਰੋ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਕੇ ਕਿਹਾ ਕਿ ਭਾਈਚਾਰੇ ਨੇ ਫ਼ੈਡਰਲ ਸਰਕਾਰ, ਸੂਬਾ ਸਰਕਾਰ ਅਤੇ ਐਲਬਰਟਾ ਹੈਲਥ ਸਰਵਿਸੇਜ਼ ਅਤੇ ਇੰਡੀਜੀਨਸ ਸਰਵਿਸੇਜ਼ ਕੈਨੇਡਾ ਤੋਂ ਮਾਨਸਿਕ ਸਿਹਤ ਸੇਵਾਵਾਂ ਬਾਬਤ ਤੁਰੰਤ ਮਦਦ ਪ੍ਰਦਾਨ ਕਰਨ ਲਈ ਆਖਿਆ ਹੈ।
ਸੀਬੀਸੀ ਨਿਊਜ਼