ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ (CMHC) ਦੁਆਰਾ ਤਿਆਰ ਕੀਤੀ ਇੱਕ ਨਵੀਂ ਰਿਪੋਰਟ ਵਿਚ ਇਹ ਤੱਥ ਸਾਹਮਣੇ ਆਏ ਹਨ ਕਿ ਕੈਨੇਡੀਅਨ ਲੋਕਾਂ ਦੇ ਸਿਰ ਇਸ ਸਮੇਂ ਹੋਰ ਕਿਸੇ ਵੀ ਜੀ-7 ਦੇਸ਼ ਦੇ ਲੋਕਾਂ ਨਾਲੋਂ ਵਧੇਰੇ ਕਰਜ਼ਾ ਹੈ, ਅਤੇ ਜਿੰਨੇ ਕਰਜ਼ੇ ਦੇ ਕੈਨੇਡੀਅਨਜ਼ ਦੇਣਦਾਰ ਹਨ, ਉਸਦੀ ਵੈਲਿਊ ਦੇਸ਼ ਦੀ ਜੀਡੀਪੀ ਨਾਲੋਂ ਵੀ ਵੱਧ ਹੈ।
ਇਸ ਰਿਪੋਰਟ ਵਿਚ, CMHC ਦੇ ਡਿਪਟੀ ਚੀਫ਼ ਅਰਥਸ਼ਾਤਰੀ, ਐਲਡ ਐਬ ਲੌਰਵਰਥ ਨੇ ਕਿਹਾ ਕਿ ਕੈਨੇਡੀਅਨ ਪਰਿਵਾਰਾਂ ਨੇ ਜਿੰਨਾ ਕਰਜ਼ਾ ਚੁੱਕਿਆ ਹੋਇਆ ਹੈ, ਉਸ ਨਾਲ ਕੈਨੇਡੀਅਨ ਅਰਥਵਿਵਸਥਾ ਲਈ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਪਰਿਵਾਰਾਂ ਦੀ ਦੇਣਦਾਰੀ ਦਾ ਪੱਧਰ ਜੀ-7 ਦੇਸ਼ਾਂ ਵਿਚ ਸਭ ਤੋਂ ਵੱਧ ਹੈ, ਜਿਸ ਨਾਲ ਆਰਥਿਕਤਾ ਨੂੰ ਕਿਸੇ ਵੀ ਆਲਮੀ ਆਰਥਿਕ ਸੰਕਟ ਦੀ ਲਪੇਟ ਵਿਚ ਆਉਣ ਦਾ ਜੋਖਮ ਵਧ ਜਾਂਦਾ ਹੈ। ਐਲਡ ਨੇ ਕਿਹਾ ਕਿ ਜਦੋਂ ਬਹੁਤ ਸਾਰੇ ਪਰਿਵਾਰ ਬੇਹੱਦ ਕਰਜ਼ਈ ਹੋਣ, ਤਾਂ ਸਥਿਤੀ ਤੇਜ਼ੀ ਨਾਲ ਨਿੱਘਰ ਸਕਦੀ ਹੈ, ਜਿਸ ਤਰ੍ਹਾਂ 2007-08 ਦੌਰਾਨ ਅਮਰੀਕਾ ਵਿਚ ਹੋਇਆ ਸੀ। ਘਰੇਲੂ ਕਰਜ਼ ਅਤੇ ਕੈਨੇਡਾ ਦੀ ਜੀਡੀਪੀ ਦਾ ਅਨੁਪਾਤ ਇਸ ਸਮੇਂ 107 ਪ੍ਰਤੀਸ਼ਤ ਹੋ ਗਿਆ ਹੈ।
ਐਲਡ ਮੁਤਾਬਕ ਕਰਜ਼ੇ ਦੇ ਅਨੁਪਾਤ ਵਿਚ ਤੇਜ਼ੀ ਨਾਲ ਵਾਧਾ ਪਿਛਲੇ ਕੁਝ ਸਾਲਾਂ ਦੌਰਾਨ ਹੋਇਆ ਹੈ। ਸਾਲ 2008 ਤੱਕ ਹੀ ਕੈਨੇਡਾ ਵਿੱਚ ਘਰੇਲੂ ਕਰਜ਼ਾ ਜੀਡੀਪੀ ਦਾ 80 ਪ੍ਰਤੀਸ਼ਤ ਸੀ, ਜੋ ਕਿ 2010 ਤੱਕ ਵਧ ਕੇ 95 ਪ੍ਰਤੀਸ਼ਤ ਤੱਕ ਪਹੁੰਚ ਗਿਆ ਅਤੇ ਮਹਾਂਮਾਰੀ ਦੌਰਾਨ 100 ਪ੍ਰਤੀਸ਼ਤ ਨੂੰ ਪਾਰ ਕਰ ਗਿਆ।ਐਲਡ ਨੇ ਕਿਹਾ ਇਸ ਦੇ ਉਲਟ, 2008 ਵਿਚ ਅਮਰੀਕਾ ਵਿਚ ਘਰੇਲੂ ਕਰਜ਼ਾ ਜੀਡੀਪੀ ਦਾ 100 ਪ੍ਰਤੀਸ਼ਤ ਸੀ ਪਰ 2021 ਵਿਚ ਇਹ ਘਟ ਕੇ 75 ਪ੍ਰਤੀਸ਼ਤ ‘ਤੇ ਆ ਗਿਆ। ਉਨ੍ਹਾਂ ਕਿਹਾ ਕਿ ਯੂਕੇ ਅਤੇ ਜਰਮਨੀ ਵਿਚ ਵੀ ਇਹ ਅਨੁਪਾਤ ਘਟਿਆ ਹੈ। ਕੈਨੇਡੀਅਨਜ਼ ਦੁਆਰਾ ਆਪਣੇ ਕਰਜ਼ ਨੂੰ ਉਦੋਂ ਤੱਕ ਵਧਾਉਂਦੇ ਰਹਿਣ ਦੀ ਸੰਭਾਵਨਾ ਹੈ, ਜਦੋਂ ਤੱਕ ਹਾਊਸਿੰਗ ਮਾਰਕੀਟ ਵਿਚ ਕਿਫ਼ਾਇਤੀਪਣ ਦਾ ਮੁੱਦਾ ਹੱਲ ਨਹੀਂ ਹੁੰਦਾ।
ਪਿਛਲੇ ਹਫ਼ਤੇ ਬੈਂਕ ਔਫ਼ ਕੈਨੇਡਾ ਨੇ ਵੀ ਆਗਾਹ ਕੀਤਾ ਸੀ ਕਿ ਮੌਰਗੇਜ ਲਾਗਤ ਵਿਚ ਆਉਂਦੀ ਤੇਜ਼ੀ ਆਉਣ ਵਾਲੇ ਸਾਲਾਂ ਵਿਚ ਆਰਥਿਕਤਾ ਲਈ ਇੱਕ ਵੱਡਾ ਖ਼ਤਰਾ ਬਣ ਸਕਦੀ ਹੈ। ਕੇਂਦਰੀ ਬੈਂਕ ਨੇ ਹਾਲ ਹੀ ਦੇ ਮਹੀਨਿਆਂ ਵਿਚ ਮਹਿੰਗਾਈ ‘ਤੇ ਕਾਬੂ ਪਾਉਣ ਦੇ ਉਦੇਸ਼ ਨਾਲ ਵਿਆਜ ਦਰਾਂ ਵਿਚ ਤਾਬੜਤੋੜ ਤੇਜ਼ੀ ਲਿਆਂਦੀ ਹੈ। CMHC ਦਾ ਕਹਿਣਾ ਹੈ, ਜਦੋਂ ਤੱਕ ਆਮਦਨੀ ਪੱਧਰ ਦੁਰੁਸਤ ਰਹਿੰਦਾ ਹੈ ਉਦੋਂ ਤੱਕ ਲੋਕ ਆਪਣੇ ਕਰਜ਼ੇ ਦੇ ਬੋਝ ਦਾ ਪ੍ਰਬੰਧ ਕਰਦੇ ਰਹਿ ਸਕਦੇ ਹਨ, ਪਰ ਜੇ ਅਚਾਨਕ ਆਮਦਨ ਪ੍ਰਭਾਵਿਤ ਹੁੰਦੀ ਹੈ, ਤਾਂ ਇਹ ਪੂਰੀ ਆਰਥਿਕਤਾ ਲਈ ਇੱਕ ਸਮੱਸਿਆ ਬਣ ਸਕਦਾ ਹੈ।
ਕੈਨੇਡੀਅਨ ਘਰੇਲੂ ਕਰਜ਼ੇ ਦਾ ਤਿੰਨ ਚੌਥਾਈ ਹਿੱਸਾ ਮੌਰਗੇਜ ਨਾਲ ਜੁੜਿਆ ਹੋਇਆ ਹੈ। ਹਾਊਸਿੰਗ ਏਜੰਸੀ ਨੇ ਕਿਹਾ ਕਿ ਕਰਜ਼ੇ ਦੀ ਵਧਦੀ ਸਮੱਸਿਆ ਦਾ ਹੱਲ ਦੇਸ਼ ਸੀ ਹਾਊਸਿੰਗ ਮਾਰਕੀਟ ਨਾਲ ਨੇੜਿਓਂ ਜੁੜਿਆ ਹੈ। ਐਲਡ ਨੇ ਕਿਹਾ ਕਿ ਜਦੋਂ ਕੈਨੇਡਾ ਵਿਚ ਘਰਾਂ ਦੀਆਂ ਕੀਮਤਾਂ ਵਧਦੀਆਂ ਹਨ, ਪਰਿਵਾਰ ਵਧੇਰੇ ਕਰਜ਼ਾ ਚੁੱਕਦੇ ਹਨ, ਜਿਸ ਨਾਲ ਅਰਥਚਾਰੇ ਵਿਚ ਕੁਲ ਕਰਜ਼ਾ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਲਈ, ਕੈਨੇਡਾ ਵਿਚ ਹਾਊਸਿੰਗ ਵਿਚ ਕਿਫ਼ਾਇਤੀਪਣ ਨੂੰ ਮੁੜ ਸਥਾਪਿਤ ਕਰਨਾ, ਘਰੇਲੂ ਕਰਜ਼ੇ ਨੂੰ ਘਟਾਉਣ ਵਿਚ ਬਹੁਤ ਅਹਿਮ ਪਹਿਲੂ ਹੋਵੇਗਾ।
ਸੀਬੀਸੀ ਨਿਊਜ਼