ਗ੍ਰੀਸ ਦੇ ਦੱਖਣੀ ਤੱਟ ਨਜ਼ਦੀਕ ਪਰਵਾਸੀਆਂ ਨੂੰ ਲਿਜਾ ਰਹੀ ਮੱਛੀਆਂ ਫੜਨ ਵਾਲੀ ਕਿਸ਼ਤੀ ਦੇ ਡੁੱਬਣ ਨਾਲ ਘੱਟੋ ਘੱਟ 78 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲੋਕ ਅਜੇ ਵੀ ਲਾਪਤਾ ਹਨ।ਇਹ ਹਾਦਸਾ ਗ੍ਰੀਸ ਦੇ ਦੱਖਣੀ ਪੈਲੋਪੋਨੀਜ਼ ਖੇਤਰ ਦੇ ਤੱਟ ਤੋਂ ਕਰੀਬ 75 ਕਿਲੋਮੀਟਰ ਦੂਰ ਵਾਪਰਿਆ। ਰਾਤ ਵੇਲੇ ਵਾਪਰੇ ਇਸ ਹਾਦਸੇ ਤੋਂ ਬਾਅਦ ਵੱਡੇ ਪੱਧਰ ‘ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਹੁਣ ਤੱਕ 104 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਬਚਾਏ ਗਏ ਲੋਕਾਂ ਚੋਂ 4 ਜਣਿਆਂ ਨੂੰ ਹਾਈਪੋਥਰਮੀਆ ਦੇ ਚਲਦਿਆਂ ਹਸਤਪਾਲ ਭਰਤੀ ਕੀਤਾ ਗਿਆ ਸੀ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਕਿਸ਼ਤੀ ਵਿਚ ਕਿੰਨੇ ਲੋਕ ਸਵਾਰ ਸਨ ਅਤੇ ਕਿੰਨੇ ਹੋਰ ਸਮੁੰਦਰ ਵਿਚ ਲਾਪਤਾ ਹਨ। ਗ੍ਰੀਸ ਦੇ ਕੋਸਟ ਗਾਰਡ ਅਨੁਸਾਰ, ਅਜੇ ਤੱਕ 59 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਲਾਪਤਾ ਲੋਕਾਂ ਦੀ ਤਲਾਸ਼ ਅਤੇ ਬਚਾਅ ਮੁਹਿੰਮ ਵਿਚ ਗੋਸਟ ਗਾਰਡ ਦੇ ਛੇ ਜਹਾਜ਼, ਇੱਕ ਨੇਵੀ ਜਹਾਜ਼, ਇੱਕ ਫ਼ੌਜੀ ਟ੍ਰਾਂਸਪੋਰਟ ਏਅਰਕਰਾਫ਼ਟ ਸਣੇ, ਯੂਰਪੀਅਨ ਯੂਨੀਅਨ ਬਾਰਡਰ ਪ੍ਰੋਟੈਕਸ਼ਨ ਏਜੰਸੀ, ਫ਼੍ਰੰਟੈਕਸ, ਦੇ ਡਰੋਨ ਮਦਦ ਕਰ ਰਹੇ ਸਨ।
ਇਟਲੀ ਨੂੰ ਜਾ ਰਹੀ ਇਹ ਕਿਸ਼ਤੀ ਪੂਰਬੀ ਲੀਬੀਆ ਦੇ ਤੋਬਰੁਕ ਇਲਾਕੇ ਤੋਂ ਰਵਾਨਾ ਹੋਈ ਮੰਨੀ ਜਾ ਰਹੀ ਹੈ। ਇਟਲੀ ਦੇ ਕੋਸਟ ਗਾਰਡ ਨੇ ਸਭ ਤੋਂ ਪਹਿਲਾਂ ਗ੍ਰੀਸ ਦੇ ਅਧਿਕਾਰੀਆਂ ਅਤੇ ਫ਼੍ਰੰਟੈਕਸ ਨੂੰ ਮੰਗਲਵਾਰ ਨੂੰ ਨੇੜੇ ਆ ਰਹੀ ਇਸ ਕਿਸ਼ਤੀ ਬਾਰੇ ਜਾਣਕਾਰੀ ਦਿੱਤੀ ਸੀ। ਲੀਬੀਆ ਦੇ ਅਧਿਕਾਰੀਆਂ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਪੂਰਬੀ ਲੀਬੀਆ ਵਿਚ ਪਰਵਾਸੀਆਂ ‘ਤੇ ਤਕੜੀ ਕਾਰਵਾਈ ਸ਼ੁਰੂ ਕੀਤੀ ਹੈ। ਕਾਰਕੁਨਾਂ ਅਨੁਸਾਰ ਮਿਸਰ, ਸੀਰੀਆ, ਸੂਡਾਨ ਅਤੇ ਪਾਕਿਸਤਾਨ ਦੇ ਪਰਵਾਸੀਆਂ ਸਮੇਤ ਕਈ ਹਜ਼ਾਰ ਪਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਲੀਬੀਆ ਦੇ ਅਧਿਕਾਰੀਆਂ ਨੇ ਬਹੁਤ ਸਾਰੇ ਮਿਸਰੀ ਲੋਕਾਂ ਨੂੰ ਲੈਂਡ ਕਰਾਸਿੰਗ ਪੁਆਇੰਟ ਰਾਹੀਂ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਹੈ। ਪੱਛਮੀ ਲੀਬੀਆ ਵਿੱਚ, ਅਧਿਕਾਰੀਆਂ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਰਾਜਧਾਨੀ ਤ੍ਰਿਪੋਲੀ ਅਤੇ ਹੋਰ ਪਰਵਾਸੀਆਂ ਦਾ ਗੜ੍ਹ ਬਣ ਚੁੱਕੇ ਇਲਾਕਿਆਂ ‘ਤੇ ਛਾਪੇਮਾਰੀ ਕੀਤੀ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੇ ਅਨੁਸਾਰ, ਘੱਟੋ ਘੱਟ 1,800 ਪਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਸਰਕਾਰ ਦੁਆਰਾ ਚਲਾਏ ਜਾ ਰਹੇ ਨਜ਼ਰਬੰਦੀ ਕੇਂਦਰਾਂ ਵਿੱਚ ਲਿਜਾਇਆ ਗਿਆ।ਤਸਕਰਾਂ ਦੁਆਰਾ ਗਸ਼ਤ ਕਰਦੇ ਗੋਸਟ ਗਾਰਡਾਂ ਤੋਂ ਬਚਣ ਲਈ ਵੱਡੀਆਂ ਕਿਸ਼ਤੀਆਂ ਦੀ ਵਰਤੋਂ ਕਰਕੇ ਅੰਤਰਰਾਸ਼ਟਰੀ ਪਾਣੀਆਂ ਨੂੰ ਪਾਰ ਕਰਨ ਦੀ ਕੋਸ਼ਿਸ਼ ਦੀਆਂ ਘਟਨਾਵਾਂ ਵਧ ਰਹੀਆਂ ਹਨ।
ਦ ਅਸੋਸੀਏਟੇਡ ਪ੍ਰੈੱਸ