ਬਹੁਤੇ ਸਿਹਤ ਮਾਹਿਰ ਇਹ ਸਲਾਹ ਦਿੰਦੇ ਹਨ ਕਿ ਇੱਕ ਸਿਹਤਮੰਦ ਬਾਲਗ ਨੂੰ ਦਿਨ ਵਿੱਚ 7 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ, ਪਰ ਕੁਝ ਲੋਕਾਂ ਨੂੰ ਪੂਰੀ ਨੀਂਦ ਨਹੀਂ ਆਉਂਦੀ ਕਿਉਂਕਿ ਉਹ ਰਾਤ ਨੂੰ ਵਾਰ-ਵਾਰ ਜਾਗਦੇ ਹਨ ਅਤੇ ਫਿਰ ਨੀਂਦ ਆਉਣ ਵਿੱਚ ਲੰਬਾ ਸਮਾਂ ਲਗਦਾ ਹੈ। ਅਸੀਂ ਅਕਸਰ ਇਸ ਵੱਲ ਧਿਆਨ ਨਹੀਂ ਦਿੰਦੇ ਪਰ ਰਾਤ ਨੂੰ ਸਹੀ ਨੀਂਦ ਨਾ ਆਉਣ ਲਈ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੁੰਦੀਆਂ ਹਨ। ਆਓ ਜਾਣਦੇ ਹਾਂ ਸ਼ਾਂਤੀ ਦੀ ਨੀਂਦ ਲੈਣ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਰਾਤ ਨੂੰ ਸੌਣ ਤੋਂ ਪਹਿਲਾਂ ਉਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰੋ, ਜਿਨ੍ਹਾਂ ‘ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ‘ਚ ਚੌਲ, ਚਿਪਸ, ਆਲੂ, ਕੇਲਾ ਅਤੇ ਪਾਸਤਾ ਵਰਗੀਆਂ ਚੀਜ਼ਾਂ ਹਨ। ਕਾਰਬੋਹਾਈਡਰੇਟ ਵਾਲੀਆਂ ਚੀਜ਼ਾਂ ਨੀਂਦ ਵਿੱਚ ਵਿਘਨ ਪਾਉਂਦੀਆਂ ਹਨ ਅਤੇ ਤੁਹਾਨੂੰ ਰਾਤ ਨੂੰ ਵਾਰ-ਵਾਰ ਜਾਗਣਾ ਪੈਂਦਾ ਹੈ।
ਚਾਹ ਅਤੇ ਕੌਫੀ ਪੀਣ ਦਾ ਸ਼ੌਕ ਤੁਹਾਡੀ ਨੀਂਦ ਵਿੱਚ ਵਿਘਨ ਪਾ ਸਕਦਾ ਹੈ ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਕੈਫੀਨ ਹੁੰਦੀ ਹੈ। ਨੀਂਦ ਤੋਂ ਛੁਟਕਾਰਾ ਪਾਉਣ ਅਤੇ ਤਰੋਤਾਜ਼ਾ ਮਹਿਸੂਸ ਕਰਨ ਲਈ ਅਕਸਰ ਅਸੀਂ ਚਾਹ-ਕੌਫੀ ਪੀਂਦੇ ਹਾਂ, ਪਰ ਸੌਣ ਤੋਂ 2-3 ਘੰਟੇ ਪਹਿਲਾਂ ਅਜਿਹਾ ਬਿਲਕੁਲ ਵੀ ਨਾ ਕਰੋ।
ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ‘ਚ ਤਣਾਅ ਹੋਣਾ ਆਮ ਗੱਲ ਹੈ ਪਰ ਜੇਕਰ ਤੁਸੀਂ ਇਸ ਨੂੰ ਹੱਦੋਂ ਵੱਧ ਹਾਵੀ ਹੋਣ ਦਿੰਦੇ ਹੋ ਤਾਂ ਇਸ ਦਾ ਸਿੱਧਾ ਅਸਰ ਤੁਹਾਡੀ ਮਾਨਸਿਕ ਸਿਹਤ ‘ਤੇ ਪਵੇਗਾ, ਜੋ ਕਿ ਨੀਂਦ ਵਿਕਾਰ ਦਾ ਵੱਡਾ ਕਾਰਨ ਹੈ।