ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਨੂੰ 5% ‘ਤੇ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਕਦਮ ਦੀ ਵਿਆਪਕ ਤੌਰ ‘ਤੇ ਉਮੀਦ ਕੀਤੀ ਜਾ ਰਹੀ ਸੀ, ਕਿਉਂਕਿ 2022 ਦੀ ਸ਼ੁਰੂਆਤ ਤੋਂ ਮਹਿੰਗਾਈ ਨੂੰ ਨੱਥ ਪਾਉਣ ਲਈ ਵਿਆਜ ਦਰ ਨੂੰ 10 ਵਾਰ ਵਧਾਉਣ ਤੋਂ ਬਾਅਦ, ਬੈਂਕ ਨੇ ਹਾਲ ਹੀ ਵਿੱਚ ਸੰਕੇਤ ਦੇਣੇ ਸ਼ੁਰੂ ਕੀਤੇ ਹਨ ਕਿ ਵਿਆਜ ਦਰਾਂ ਵਿਚ ਵਾਧੇ ਦਾ ਸਿਲਸਿਲਾ ਸਮਾਪਤੀ ਦੇ ਨੇੜੇ ਹੋ ਸਕਦਾ ਹੈ।
ਬੈਂਕ ਨੇ ਆਪਣੇ ਫੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਅਰਥਵਿਵਸਥਾ ਵਿੱਚ ਧੀਮਾਪਣ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਮਹਿੰਗਾਈ ਦਾਬ ਨੂੰ ਘਟਾ ਰਿਹਾ ਹੈ। ਕੇਂਦਰੀ ਬੈਂਕ ਦੇ ਫ਼ੈਸਲਿਆਂ ਦੇ ਪਾਰਖੂ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਵਿਆਜ ਦਰ ਵਾਧਿਆਂ ਨੂੰ ਵਿਰਾਮ ਲਗਾ ਚੁੱਕਾ ਹੈ ਅਤੇ ਉਮੀਦ ਹੈ ਕਿ 2024 ਵਿੱਚ ਕਿਸੇ ਸਮੇਂ ‘ਤੇ ਬੈਂਕ ਆਪਣੀ ਦਰ ਵਿੱਚ ਕਟੌਤੀ ਕਰਨੀ ਸ਼ੁਰੂ ਕਰ ਦੇਵੇਗਾ।