ਇੱਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਪਾਣੀ ਦੀ ਇੱਕ ਲੀਟਰ ਦੀ ਆਮ ਬੋਤਲ ਵਿੱਚ ਔਸਤਨ 240,000 ਨੈਨੋਪਲਾਸਟਿਕ ਕਣ ਹੁੰਦੇ ਹਨ। ਪ੍ਰੋਸੀਡਿੰਗਜ਼ ਔਫ਼ ਨੈਸ਼ਨਲ ਅਕੈਡਮੀ ਔਫ਼ ਸਾਇੰਸੇਜ਼ ਅਨੁਸਾਰ ਨਵੀਂ ਸਟਡੀ ਵਿਚ ਪਹਿਲੀ ਵਾਰੀ ਨੈਨੋਪਲਾਸਟਿਕ ਯਾਨੀ ਪਲਾਸਟਿਕ ਦੇ ਬੇਹੱਦ ਛੋਟੇ ਸੂਖਮ ਕਣਾਂ ‘ਤੇ ਫ਼ੋਕਸ ਕੀਤਾ ਗਿਆ ਹੈ।
ਕੋਲੰਬੀਆ ਅਤੇ ਰਟਗਰਜ਼ ਯੂਨੀਵਰਸਿਟੀਆਂ ਦੇ ਖੋਜਕਰਤਾਵਾਂ ਨੇ ਬੋਤਲਬੰਦ ਪਾਣੀ ਦੇ ਤਿੰਨ ਮਸ਼ਹੂਰ ਬ੍ਰਾਂਡਜ਼ ਦੇ ਪੰਜ ਸੈਂਪਲਾਂ ਦਾ ਅਧਿਐਨ ਕੀਤਾ ਅਤੇ ਇੱਕ ਲੀਟਰ ਪਾਣੀ ਵਿਚ 110,000 ਤੋਂ 400,000 ਪਲਾਸਟਿਕ ਕਣ ਪਾਏ ਗਏ, ਜੋ ਕਿ ਔਸਤਨ 240,000 ਨੈਨੋਪਲਾਸਟਿਕ ਕਣ ਬਣਦੇ ਹਨ। ਇਹ ਉਹ ਕਣ ਹਨ ਜੋ ਆਕਾਰ ਵਿੱਚ ਇੱਕ ਮਾਈਕ੍ਰੋਨ ਤੋਂ ਵੀ ਛੋਟੇ ਹੁੰਦੇ ਹਨ। ਇੱਕ ਮਨੁੱਖੀ ਵਾਲ ਲਗਭਗ 83 ਮਾਈਕ੍ਰੋਨ ਚੌੜਾ ਹੁੰਦਾ ਹੈ।
ਪੁਰਾਣੇ ਅਧਿਐਨਾਂ ਵਿਚ ਪੰਜ ਮਿਲੀਮੀਟਰ ਤੋਂ ਲੈਕੇ ਇੱਕ ਮਾਈਕ੍ਰੋਨ ਤੱਕ ਦੇ ਮਾਈਕ੍ਰੋਪਲਾਸਟਿਕ ਕਣਾਂ ਨੂੰ ਵਾਚਿਆ ਗਿਆ ਸੀ। ਪਰ ਨਵੇਂ ਅਧਿਐਨ ਵਿਚ ਬੋਤਲਬੰਦ ਪਾਣੀ ਅੰਦਰ ਮਾਈਕ੍ਰੋਪਲਾਸਟਿਕ ਨਾਲੋਂ 10 ਤੋਂ 100 ਗੁਣਾ ਵੱਧ ਨੈਨੋਪਲਾਸਟਿਕ ਕਣ ਪਾਏ ਗਏ ਹਨ। ਕੋਲੰਬੀਆ ਦੀ ਇੱਕ ਭੌਤਿਕ ਰਸਾਇਣ ਵਿਗਿਆਨੀ ਅਤੇ ਅਧਿਐਨ ਦੀ ਮੁੱਖ ਲੇਖਕ, ਨਾਇਕਸਿਨ ਕਿਆਨ ਨੇ ਕਿਹਾ ਕਿ ਜ਼ਿਆਦਾਤਰ ਪਲਾਸਟਿਕ, ਬੋਤਲ ਅਤੇ ਗੰਦਗੀ ਨੂੰ ਬਾਹਰ ਰੱਖਣ ਲਈ ਵਰਤੇ ਜਾਂਦੇ ਰਿਵਰਸ ਓਸਮੋਸਿਸ ਮੈਮਬ੍ਰੇਨ ਫਿਲਟਰ ਤੋਂ ਹੀ ਆਉਂਦਾ ਜਾਪਦਾ ਹੈ। ਕਿਆਨ ਨੇ ਉਨ੍ਹਾਂ ਤਿੰਨ ਬ੍ਰਾਂਡਾਂ ਦਾ ਖੁਲਾਸਾ ਨਹੀਂ ਕੀਤਾ ਜਿਨ੍ਹਾਂ ਦੇ ਸੈਂਪਲ ਲਏ ਗਏ ਹਨ, ਕਿਉਂਕਿ ਖੋਜਕਰਤਾ ਹੋਰ ਨਮੂਨੇ ਚਾਹੁੰਦੇ ਹਨ ਅਤੇ ਹੋਰ ਬ੍ਰਾਂਡਾਂ ਦਾ ਅਧਿਐਨ ਕਰਨਾ ਚਾਹੁੰਦੇ ਹਨ। ਫਿਰ ਵੀ, ਕਿਆਨ ਨੇ ਕਿਹਾ ਕਿ ਉਹ ਆਮ ਬ੍ਰਾਂਡ ਸਨ ਅਤੇ ਵਾਲਮਾਰਟ ਤੋਂ ਖ਼ਰੀਦੇ ਗਏ ਸਨ।
ਅਧਿਐਨ ਦੀ ਸਹਿ-ਲੇਖਕ, ਫ਼ੋਏਬ ਸਟੈਪਲਟਨ ਨੇ ਕਿਹਾ, ਸਾਨੂੰ ਨਹੀਂ ਪਤਾ ਕਿ ਇਹ ਖ਼ਤਰਨਾਕ ਹੈ ਜਾਂ ਕਿੰਨਾ ਖ਼ਤਰਨਾਕ ਹੈ। ਅਸੀਂ ਜਾਣਦੇ ਜਾਂ ਕਿ ਉਹ ਮਨੁੱਖਾਂ ਦੇ ਟਿਸ਼ੂਜ਼ ਵਿਚ ਦਾਖ਼ਲ ਹੋ ਰਹੇ ਹਨ ਅਤੇ ਮੌਜੂਦਾ ਖੋਜ ਇਹ ਦੇਖ ਰਹੀ ਹੈ ਕਿ ਉਹ ਸੈੱਲਾਂ ਵਿੱਚ ਕੀ ਕਰ ਰਹੇ ਹਨ।
ਮੌਜੂਦਾ ਸਮੇਂ ਵਿੱਚ ਮਾਪਣ ਦੇ ਮਿਆਰੀ ਤਰੀਕਿਆਂ ਦੀ ਘਾਟ ਹੈ ਅਤੇ ਨੈਨੋ- ਅਤੇ ਮਾਈਕ੍ਰੋਪਲਾਸਟਿਕ ਕਣਾਂ ਦੇ ਸੰਭਾਵੀ ਸਿਹਤ ਪ੍ਰਭਾਵਾਂ ‘ਤੇ ਕੋਈ ਵਿਗਿਆਨਕ ਸਹਿਮਤੀ ਨਹੀਂ ਹੈ। ਅਮਰੀਕਨ ਕੈਮਿਸਟਰੀ ਕੌਂਸਲ, ਜੋ ਪਲਾਸਟਿਕ ਨਿਰਮਾਤਾਵਾਂ ਦੀ ਨੁਮਾਇੰਦਗੀ ਕਰਦੀ ਹੈ, ਨੇ ਤੁਰੰਤ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੇ ਅਨੁਸਾਰ, ਵਿਸ਼ਵ ਪਲਾਸਟਿਕ ਪ੍ਰਦੂਸ਼ਣ ਦੇ ਭਾਰ ਹੇਠ ਡੁੱਬ ਰਿਹਾ ਹੈ, ਜਿੱਥੇ ਸਾਲਾਨਾ 430 ਮਿਲੀਅਨ ਟਨ ਤੋਂ ਵੱਧ ਪਲਾਸਟਿਕ ਪੈਦਾ ਕੀਤਾ ਜਾਂਦਾ ਹੈ ਅਤੇ ਮਾਈਕ੍ਰੋਪਲਾਸਟਿਕਸ ਵਿਸ਼ਵ ਦੇ ਸਮੁੰਦਰਾਂ, ਭੋਜਨ ਅਤੇ ਪੀਣ ਵਾਲੇ ਪਾਣੀ ਵਿੱਚ ਪਾਏ ਜਾਂਦੇ ਹਨ।
ਇੰਟਰਵਿਊ ਕੀਤੇ ਗਏ ਸਾਰੇ ਚਾਰ ਸਹਿ-ਲੇਖਕਾਂ ਨੇ ਕਿਹਾ ਕਿ ਉਹ ਅਧਿਐਨ ਕਰਨ ਤੋਂ ਬਾਅਦ ਆਪਣੇ ਬੋਤਲਬੰਦ ਪਾਣੀ ਦੀ ਵਰਤੋਂ ਵਿਚ ਕਟੌਤੀ ਕਰ ਰਹੇ ਹਨ। ਕੋਲੰਬੀਆ ਦੇ ਭੌਤਿਕ ਰਸਾਇਣ ਵਿਗਿਆਨੀ ਵੀਅ ਮਿਨ, ਜਿਹਨਾਂ ਨੇ ਦੋਹਰੀ ਲੇਜ਼ਰ ਮਾਈਕ੍ਰੋਸਕੋਪ ਤਕਨਾਲੋਜੀ ਤਿਆਰ ਕੀਤੀ ਹੈ, ਨੇ ਕਿਹਾ ਕਿ ਉਹਨਾਂ ਨੇ ਆਪਣੀ ਬੋਤਲਬੰਦ ਪਾਣੀ ਦੀ ਵਰਤੋਂ ਨੂੰ ਅੱਧਾ ਕਰ ਦਿੱਤਾ ਹੈ। ਸਟੈਪਲਟਨ ਨੇ ਕਿਹਾ ਕਿ ਉਹ ਹੁਣ ਅਪਣੇ ਘਰ ਵਿੱਚ ਫਿਲਟਰ ਕੀਤੇ ਪਾਣੀ ‘ਤੇ ਜ਼ਿਆਦਾ ਨਿਰਭਰ ਕਰਦੀ ਹੈ।
ਪਰ ਅਧਿਐਨ ਦੇ ਸਹਿ-ਲੇਖਕ ਅਤੇ ਕੋਲੰਬੀਆ ਦੇ ਇੱਕ ਵਾਤਾਵਰਣਕ ਰਸਾਇਣ ਵਿਗਿਆਨੀ, ਬੇਇਜ਼ਾਨ ਯੈਨ ਜਿਹਨਾਂ ਨੇ ਆਪਣੇ ਟੂਟੀ ਦੇ ਪਾਣੀ ਦੀ ਵਰਤੋਂ ਵਿੱਚ ਵਾਧਾ ਕੀਤਾ ਹੈ, ਨੇ ਦੱਸਿਆ ਕਿ ਜਦੋਂ ਪਾਣੀ ਵਿਚ ਪਲਾਸਟਿਕ ਦੀ ਗੱਲ ਆਉਂਦੀ ਹੈ ਤਾਂ ਫਿਲਟਰ ਆਪਣੇ ਆਪ ਵਿੱਚ ਇੱਕ ਸਮੱਸਿਆ ਹੋ ਸਕਦੇ ਹਨ।
ਟੋਰੌਂਟੋ ਯੂਨੀਵਰਸਿਟੀ ਦੀ ਜੀਵ-ਵਿਗਿਆਨੀ ਜ਼ੋਈ ਡਾਇਨਾ ਨੇ ਕਿਹਾ ਕਿ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਛੋਟੇ ਕਣ ਵੱਖ-ਵੱਖ ਅੰਗਾਂ ਵਿੱਚ ਦਿਖਾਈ ਦੇ ਸਕਦੇ ਹਨ ਅਤੇ ਖੂਨ-ਦਿਮਾਗ ਦਰਮਿਆਨ ਅਜਿਹੀ ਝਿੱਲੀ ਨੂੰ ਪਾਰ ਕਰ ਸਕਦੇ ਹਨ ਜਿਸਦੇ ਪਾਰ ਉਹ ਨਹੀਂ ਜਾਣੇ ਚਾਹੀਦੇ। ਮਨੁੱਖੀ ਸਿਹਤ ‘ਤੇ ਅਸਰ ਬਾਰੇ ਅਸਪਸ਼ਟਤਾ ਦੇ ਬਾਵਜੂਦ, ਚਿੰਤਤ ਲੋਕਾਂ ਲਈ ਇੱਕ ਸਲਾਹ ਹੈ: ਸਿੰਗਲ-ਯੂਜ਼ ਪਲਾਸਟਿਕ ਦੀ ਬਜਾਏ ਮੁੜ ਵਰਤੋਂ ਯੋਗ ਬੋਤਲਾਂ ਦਾ ਇਸਤੇਮਾਲ ਕਰੋ।