ਕਿਊਬੈਕ ਪ੍ਰੀਮੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਨਾਹਗੀਰਾਂ ਦੀ ਆਮਦ ਨੂੰ ਧੀਮਾ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਇਹ ਪਨਾਹਗੀਰਾਂ ਦੀ ਗਿਣਤੀ ਹੁਣ “ਬ੍ਰੇਕਿੰਗ ਪੁਆਇੰਟ” ਦੇ ਨੇੜੇ ਹੈ, ਭਾਵ ਸੂਬੇ ਦੀ ਹੁਣ ਇਸ ਤੋਂ ਵੱਧ ਝੱਲਣ ਦੀ ਸਮਰੱਥਾ ਨਹੀਂ ਹੈ।
ਬੁੱਧਵਾਰ ਦੁਪਹਿਰ ਨੂੰ ਲਿਗੋਅ ਨੇ ਪ੍ਰਧਾਨ ਮੰਤਰੀ ਨੂੰ ਇੱਕ ਅਧਿਕਾਰਤ ਪੱਤਰ ਭੇਜਦਿਆਂ ਇਸਦੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਸਾਲ 2022 ਵਿਚ ਇਕੱਲੇ ਕਿਊਬੈਕ ਨੇ ਜਿੰਨੇ ਪਨਾਹਗੀਰਾਂ ਨੂੰ ਸਵੀਕਾਰ ਕੀਤਾ ਹੈ ਉਹ ਬਾਕੀ ਪੂਰੇ ਦੇਸ਼ ਵਿਚ ਆਈ ਕੁਲ ਗਿਣਤੀ ਨਾਲੋਂ ਵੀ ਵੱਧ ਹੈ। ਉਨ੍ਹਾਂ ਕਿਹਾ ਕਿ 2023 ਵਿਚ ਅਣਅਧਿਕਾਰਤ ਸਰਹੱਦੀ ਲਾਂਘੇ, ਰੌਕਸਮ ਰੋਡ ਨੂੰ ਬੰਦ ਕਰਨ ਨਾਲ ਪਨਾਹਗੀਰਾਂ ਦੀ ਆਮਦ ਵਿਚ ਕੁਝ ਧੀਮਾਪਣ ਆਇਆ ਸੀ। ਪਰ ਉਨ੍ਹਾਂ ਕਿਹਾ ਕਿ ਏਅਰਪੋਰਟਾਂ ‘ਤੇ ਆਮਦ ਲਗਾਤਾਰ ਵਧ ਰਹੀ ਹੈ। ਵਿਜ਼ੀਟਰ ਵੀਜ਼ਾ ‘ਤੇ ਆ ਕੇ ਪਨਾਹ ਦਾ ਕਲੇਮ ਫ਼ਾਈਲ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਕਿਊਬੈਕ ਵਿੱਚ 2023 ਦੇ ਪਹਿਲੇ 11 ਮਹੀਨਿਆਂ ਵਿੱਚ ਲਗਭਗ 60,000 ਨਵੇਂ ਪਨਾਹਗੀਰ ਰਜਿਸਟਰ ਕੀਤੇ ਗਏ ਸਨ, ਜਿਸ ਨੇ ਸੇਵਾਵਾਂ ‘ਤੇ ਬੇਤਹਾਸ਼ਾ ਦਬਾਅ ਪਾਇਆ ਹੈ। ਪੱਤਰ ਵਿਚ ਲਿਖਿਆ ਹੈ ਕਿ, ਪਨਾਹ ਮੰਗਣ ਵਾਲਿਆਂ ਨੂੰ ਰਹਿਣ ਲਈ ਜਗ੍ਹਾ ਲੱਭਣ ਵਿੱਚ ਮੁਸ਼ਕਲ ਆਉਂਦੀ ਹੈ, ਜੋ ਹਾਊਸਿੰਗ ਸੰਕਟ ਨੂੰ ਵਧਾਉਣ ਵਿੱਚ ਯੋਗਦਾਨ ਪਾਉਂਦਾ ਹੈ। ਬਹੁਤ ਸਾਰੇ ਲੋਕ ਹੋਮਲੈਸ ਸ਼ੈਲਟਰਾਂ (ਬੇਘਰਾਂ ਲਈ ਬਣੀਆਂ ਪਨਾਹਗਾਹਾਂ) ਵਿਚ ਪਹੁੰਚਦੇ ਹਨ, ਅਤੇ ਉੱਥੇ ਵੀ ਤਾਦਾਦ ਬਹੁਤ ਵਧ ਗਈ ਹੈ।
ਪਨਾਹ ਮੰਗਣ ਵਾਲਿਆਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਮੰਗ ਨੂੰ ਪੂਰਾ ਨਹੀਂ ਕਰ ਪਾ ਰਹੀਆਂ। ਉਹਨਾਂ ਕਿਹਾ ਕਿ ਪਨਾਹ ਮੰਗਣ ਵਾਲਿਆਂ ਦੇ ਬੱਚੇ ਸਕੂਲਾਂ ‘ਤੇ ਵੀ ਦਬਾਅ ਪਾ ਰਹੇ ਹਨ ਜਿੱਥੇ ਪਹਿਲਾਂ ਹੀ ਅਧਿਆਪਕਾਂ ਅਤੇ ਜਗ੍ਹਾ ਦੀ ਘਾਟ ਹੈ। ਪ੍ਰੀਮੀਅਰ ਨੇ ਟਰੂਡੋ ਨੂੰ ਯਾਦ ਕਰਵਾਇਆ ਕਿ ਵਰਕ ਪਰਮਿਟ ਦੀ ਉਡੀਕ ਕਰ ਰਹੇ ਪਨਾਹਗੀਰਾਂ ਨੂੰ ਕਿਊਬੈਕ ਤੋਂ ਵਿੱਤੀ ਸਹਾਇਤਾ ਮਿਲਦੀ ਹੈ। ਪਿਛਲੇ ਅਕਤੂਬਰ, ਲਗਭਗ 43,200 ਪਨਾਹਗੀਰਾਂ ਨੂੰ 33 ਮਿਲੀਅਨ ਡਾਲਰ ਦੀ ਸਹਾਇਤਾ ਮਿਲੀ ਸੀ।
ਲਿਗੋਅ ਨੇ ਮੈਕਸੀਕਨ ਨਾਗਰਿਕਾਂ ‘ਤੇ ਵਿਸ਼ੇਸ਼ ਚਿੰਤਾ ਜ਼ਾਹਰ ਕੀਤੀ, ਜਿਹਨਾਂ ਦੀ ਸੂਬੇ ਵਿੱਚ ਆਉਣ ਵਾਲੇ ਪਨਾਹਗੀਰਾਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਹੈ। ਉਹਨਾਂ ਕਿਹਾ ਕਿ ਮੈਕਸੀਕੋ ਤੋਂ ਕੈਨੇਡਾ ਬਗ਼ੈਰ ਵੀਜ਼ਾ ਤੋਂ ਦਾਖ਼ਲ ਹੋਣ ਕਰਕੇ ਵੀ ਪਨਾਹਗੀਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।
ਟਰੂਡੋ ਨੇ ਮੰਗਲਵਾਰ ਨੂੰ 2025 ਤੱਕ ਪ੍ਰਤੀ ਸਾਲ 500,000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕਰਨ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਸੀ। ਹਾਲਾਂਕਿ, ਉਹਨਾਂ ਨੇ ਮੈਟਰੋਪੋਲੀਟਨ ਮੌਂਟਰੀਅਲ ਦੇ ਚੈਂਬਰ ਔਫ਼ ਕੌਮਰਸ ਨੂੰ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਅਸਥਾਈ ਇਮੀਗ੍ਰੇਸ਼ਨ, ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਕਾਮਿਆਂ ‘ਤੇ ਵਧੇਰੇ ਨਿਯੰਤਰਣ ਚਾਹੁੰਦੀ ਹੈ, ਜਿਸਦਾ ਹਾਊਸਿੰਗ ਸੰਕਟ ‘ਤੇ ਵੱਡਾ ਪ੍ਰਭਾਵ ਹੈ।
-ਦ ਕੈਨੇਡੀਅਨ ਪ੍ਰੈੱਸ