ਟਰੂਡੋ ਸਰਕਾਰ ਨੇ ਕੈਨੇਡਾ ਵਿੱਚ ਆਰਜ਼ੀ ਵੀਜ਼ੇ ’ਤੇ ਆਏ ਵਿਦੇਸ਼ੀ ਕਾਮਿਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਨਵੀਂ ਨੀਤੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਹ ਨੀਤੀ ਵਿਦੇਸ਼ੀ ਨਾਗਰਿਕਾਂ ਨੂੰ ਐਲ.ਐਮ.ਆਈ.ਏ. ਦੇ ਨਾਂ ’ਤੇ ਠੱਗਣ ਵਾਲੇ ਧੋਖੇਬਾਜਾਂ ਦੇ ਮਨਸੂਬੇ ਅਸਫਲ ਕਰਨ ਲਈ ਬਣਾਈ ਗਈ ਹੈ। ਨਵੀਂ ਨੀਤੀ ਮੁਤਾਬਕ ਘੱਟ ਤਨਖਾਹ ਵਾਲੀਆਂ ਨੌਕਰੀਆਂ ਲਈ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸੱਦਾ ਨਹੀਂ ਦਿੱਤਾ ਜਾਵੇਗਾ।
ਨਵੀਂ ਨੀਤੀ ਤਹਿਤ, ਵੱਖ-ਵੱਖ ਰਾਜਾਂ ਵਿੱਚ ਘੱਟੋ ਘੱਟ ਤਨਖਾਹ ਦੀ ਸ਼ਰਤ ਵੱਖ ਹੋਵੇਗੀ। ਉਦਾਹਰਨ ਵਜੋਂ, ਪ੍ਰਿੰਸ ਐਡਰਵਡ ਆਇਲੈਂਡ ਵਿੱਚ ਘੱਟੋ ਘੱਟ ਤਨਖਾਹ 24 ਡਾਲਰ ਪ੍ਰਤੀ ਘੰਟਾ ਹੋਵੇਗੀ ਜਦਕਿ ਨੋਵਾ ਸਕੋਸ਼ੀਆ ਵਿੱਚ ਇਹ ਦਰ 39 ਡਾਲਰ ਪ੍ਰਤੀ ਘੰਟਾ ਹੋ ਸਕਦੀ ਹੈ। ਰੁਜ਼ਗਾਰ ਅਤੇ ਕਿਰਤੀ ਵਿਕਾਸ ਮੰਤਰੀ ਰੈਂਡੀ ਬੌਇਸਨੋ ਨੇ ਕਿਹਾ ਕਿ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਦੀ ਦੁਰਵਰਤੋਂ ਬਾਰੇ ਸੁਣਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਫੈਡਰਲ ਸਰਕਾਰ ਵਿਦੇਸ਼ੀ ਕਾਮਿਆਂ ਨਾਲ ਠੱਗੀਆਂ ਰੋਕਣ ਲਈ ਨਵੀਆਂ ਨੀਤੀਆਂ ਲਿਆ ਰਹੀ ਹੈ, ਜਿਸ ਵਿੱਚ ਐਲ.ਐਮ.ਆਈ.ਏ. ਫੀਸ ਵਧਾਉਣ ਅਤੇ ਛਾਪਿਆਂ ਦੀ ਗਿਣਤੀ ਵਧਾਉਣ ਜਿਵੇਂ ਸੁਧਾਰ ਸ਼ਾਮਲ ਹਨ। ਸਿਰਫ ਐਨਾ ਹੀ ਨਹੀਂ, ਆਰਜ਼ੀ ਵਿਦੇਸ਼ੀ ਕਾਮੇ ਰੱਖਣ ਵਾਲੇ ਇੰਪਲੌਇਰਜ਼ ਲਈ ਵੀ ਨਵੇਂ ਸਖਤ ਨਿਯਮ ਲਾਏ ਜਾ ਰਹੇ ਹਨ।
ਕੈਨੇਡਾ ਦੇ ਟ੍ਰਾਂਸਪੋਰਟੇਸ਼ਨ, ਐਗਰੀਕਲਚਰ ਅਤੇ ਫੂਡ ਐਂਡ ਬੈਵਰੇਜ ਸੈਕਟਰ ਦੇ ਨੁਮਾਇੰਦਿਆਂ ਨਾਲ ਰੈਂਡੀ ਬੌਇਸਨੋ ਨੇ ਇਸ ਮੁੱਦੇ ’ਤੇ ਵਿਚਾਰ ਵਟਾਂਦਰਾ ਕੀਤਾ। ਨਵੇਂ ਨਿਯਮਾਂ ਨੂੰ ਲੈ ਕੇ ਕਈ ਉਦਯੋਗ ਚਿੰਤਤ ਹਨ। ਫੂਡ ਐਂਡ ਬੈਵਰੇਜ ਕੈਨੇਡਾ ਦੀ ਮੁੱਖ ਕਾਰਜਕਾਰੀ ਅਫਸਰ ਕ੍ਰਿਸਟੀਨਾ ਫੈਰਲ ਨੇ ਕਿਹਾ ਕਿ ਨਵੇਂ ਨਿਯਮਾਂ ਕਾਰਨ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਵਧ ਸਕਦੇ ਹਨ।
ਸਾਲ 2023-24 ਦੌਰਾਨ, ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਅਧੀਨ 20 ਲੱਖ ਡਾਲਰ ਦੇ ਜੁਰਮਾਨੇ ਇੰਪਲੌਇਰਜ਼ ਨੂੰ ਕੀਤੇ ਗਏ, ਜੋ ਪਿਛਲੇ ਵਰ੍ਹੇ ਨਾਲੋਂ 36 ਫ਼ੀਸਦੀ ਵੱਧ ਹਨ। ਇਸ ਦੇ ਬਾਵਜੂਦ, ਫਰਜ਼ੀ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ ਦੇ ਨਾਂ ’ਤੇ ਪ੍ਰਵਾਸੀਆਂ ਤੋਂ 50-50 ਹਜ਼ਾਰ ਡਾਲਰ ਮੰਗੇ ਜਾ ਰਹੇ ਹਨ। ਇੰਮੀਗ੍ਰੇਸ਼ਨ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇੰਪਲੌਇਰਜ਼ ਨੂੰ 100 ਡਾਲਰ ਤੋਂ ਲੈ ਕੇ 10 ਲੱਖ ਡਾਲਰ ਤੱਕ ਦੇ ਜੁਰਮਾਨੇ ਕੀਤੇ ਜਾ ਸਕਦੇ ਹਨ।
ਹਾਲੀ ਵਿੱਚ, ਕੈਨੇਡਾ ਵਿੱਚ ਸਭ ਤੋਂ ਵੱਧ ਆਰਜ਼ੀ ਵਿਦੇਸ਼ੀ ਕਾਮੇ ਐਗਰੀਕਲਚਰ ਸੈਕਟਰ ਵਿੱਚ ਕੰਮ ਕਰ ਰਹੇ ਹਨ। ਪਿਛਲੇ ਸਾਲ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ 2 ਲੱਖ 39 ਹਜ਼ਾਰ ਤੋਂ ਵੱਧ ਵਰਕ ਪਰਮਿਟ ਜਾਰੀ ਕੀਤੇ, ਜੋ 2018 ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਹਨ। ਕੈਨੇਡਾ ਆਉਣ ਵਾਲੇ 10 ਆਰਜ਼ੀ ਵਿਦੇਸ਼ੀ ਕਾਮਿਆਂ ਵਿੱਚੋਂ ਇੱਕ ਦੀ ਸਾਲਾਨਾ ਕਮਾਈ 7500 ਡਾਲਰ ਤੋਂ ਵੀ ਘੱਟ ਹੁੰਦੀ ਹੈ, ਜੋ ਦਰਸਾਉਂਦਾ ਹੈ ਕਿ ਉਹਨਾਂ ਨੂੰ ਕਿੰਨਾ ਜ਼ਿਆਦਾ ਸ਼ੋਸ਼ਣ ਕੀਤਾ ਜਾਂਦਾ ਹੈ।