(ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ਼ ਸਾਡੇ ਪੰਜਾਬੀ ਸੱਭਿਆਚਾਰ (ਗੀਤ-ਸੰਗੀਤ ਜਗਤ), ਬੋਲੀ, ਸਾਹਿਤ, ਧਰਮ, ਰਾਜਨੀਤੀ, ਫਿਲਮਾਂ, ਖੇਡਾਂ ਸਮੇਤ ਲੱਗਭੱਗ ਸਾਰੇ ਖੇਤਰਾਂ ਤੋਂ ਆਪਣੇ ਆਪ ਨੂੰ ਬੁੱਧੀਜੀਵੀ ਕਲੇਮ ਕਰਨ ਵਾਲੇ ਲੋਕਾਂ ਦੀਆਂ ਭਰਪੂਰ ਗਿਣਤੀ ਵਿੱਚ ਫਾਇਲਾਂ ਮੌਜੂਦ ਹਨ ਜੋ ਆਪਣੀ ਭਾਸ਼ਾ, ਧਰਮ, ਸਾਹਿਤ, ਮੀਡੀਆ, ਟੀਚਿੰਗ, ਕਲਾਕਾਰੀ ਆਦਿਕ ਦੇ ਪ੍ਰਚਾਰ ਦੇ ਵਾਸਤੇ ਪਾ ਕੇ ਵੀਜੇ ਲੈਣ/ਦਿਵਾਉਣ/ਵੇਚਣ ਮਗਰੋਂ ਜਾਂ ਤਾਂ ਆਪ ਕੈਨੇਡਾ ਵਿੱਚ ਚੁੱਭੀ ਮਾਰ ਗਏ/ਗਈਆਂ ਜਾਂ ਆਪਣੇ ਰਿਸ਼ਤੇਦਾਰਾਂ, ਸਬੰਧੀਆਂ ਨੂੰ ਕੈਨੇਡਾ ਵਿੱਚ ‘ਸਮੱਗਲ’ ਕਰਕੇ ਏਥੇ ਛੱਡ ਜਾਂਦੇ ਰਹੇ/ਰਹੀਆਂ ਹਨ।
ਹਾਲ ਹੀ ਵਿੱਚ ਰਾਗੀ ਜਥਿਆਂ ਵਲੋਂ ਚੱਲਦੇ ਰਹੇ ਵੀਜ਼ਾ ਫਰਾਡ ਰੋਕਣ ਲਈ ਇਮੀਗ੍ਰੇਸ਼ਨ ਦੇ ਨਿਯਮ ਬਦਲੇ ਜਾਣ ਬਾਰੇ ਪਤਾ ਲੱਗਾ ਹੈ। ਇਹ ਚਿੱਟੇਦਿਨ ਦਹਾਕਿਆਂ ਤੋਂ ਚੱਲ ਰਹੀ ਤੇ ਮਚਲੇ ਹੋ ਕੇ ਹਰ ਖੇਤਰ ਵਿੱਚ ਜਾਣਬੁੱਝ ਕੇ ਵਧਾਈ ਗਈ ‘ਹਿਊਮਨ ਸਮੱਗਲਿੰਗ’ ਨੂੰ ਸਾਡੀ ਮਨਮੱਤ ਸੋਚ ਮਾੜੀ ਗੱਲ ਨਹੀਂ ਮੰਨਦੀ।
ਸਾਡੀ ਸੋਚ ਵਿੱਚ ਮਾੜਾ ਨਿਕੰਮਾ ਉਹ ਵਿਅਕਤੀ ਹੈ ਜੋ ਇਸ ਪ੍ਰਚੱਲਨ ਨੂੰ ਮਾੜਾ ਆਖੇ ਤੇ ਸਾਨੂੰ ਅਜਿਹਾ ਕਰਨ ਤੋਂ ਵਰਜੇ। ਹਰੇਕ ਇਲਲੀਗਲ ਐਕਸ਼ਨ ਮਾੜੀ ਗੱਲ ਹੀ ਤਾਂ ਹੈ! ਪਰ ਅਸੀਂ ਆਪਣੇ ਸੁਪਨਿਆਂ ਦੇ ਦੇਸ਼ਾਂ ਵਿੱਚ ਸਥਾਪਤੀ ਦੇ ਨਾਮ `ਤੇ ‘ਮਜਬੂਰੀਆਂ ਦੀਆਂ ਮਨਘੜਤ ਕਹਾਣੀਆਂ’ ਨੂੰ ਇਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਪ੍ਰਧਾਨ ਕਰਨਾ ਜਾਰੀ ਰੱਖਿਆ ਹੋਇਆ, ਅਤੇ ਨਾਲ ਦੀ ਨਾਲ਼, ਆਪਣੇ ਆਪ ਨੂੰ ਮਾਣਮੱਤੇ, ਅਣਖੀਲੇ, ਗੈਰਤਮੰਦ ਅਤੇ ਹੋਰ ਬੇਹਤਰੀਨ ਸਿਫਤਾਂ ਨਾਲ ਆਪਣਾ ਪ੍ਰਚਾਰ ਆਪੇ ਹੀ ਕਰਨਾ ਵੀ ਜਾਰੀ ਰੱਖ ਰਹੇ/ਰਹੀਆਂ ਹਾਂ।
ਕੈਨੇਡਾ, ਅਮਰੀਕਾ, ਯੂ.ਕੇ ਵਗੈਰਾ ਦੇ ਸਿਟੀਜ਼ਨ ਬਣ ਜਾਣ ਤੋਂ ਬਾਅਦ ਤਾਂ ਸਾਡੀਆਂ ਅਜਿਹੀਆਂ ਬੇਈਮਾਨ ਤੇ ਪਲੀਤ ਸੋਚਾਂ ਨੂੰ (ਮਰ ਜਾਣ ਤੋਂ ਪਹਿਲਾਂ) ਕੋਈ ਮੋੜਾ ਪੈ ਹੀ ਜਾਣਾ ਚਾਹੀਦਾ! ਕੀ ਅਣਖ ਤੇ ਬੇਈਮਾਨੀਆਂ ਇਕੱਠੇ ਚੱਲ ਸਕਦੇ ਹਨ ਜਾਂ ਅਸੀਂ ਆਪਣੇ ਹੰਕਾਰਾਂ ਨੂੰ ਆਪਣੀ ਅਣਖ ਮੰਨਣ ਦੀ ਭੁੱਲ ਕਰ ਰਹੇ ਹਾਂ! ਵੈਸੇ ਗੱਲ ਕਰਦੇ ਹਾਂ, ਗੁੱਸਾ ਕਰਨ ਦੀ ਬਜਾਏ ਆਪਣੇ ਮਨ ਨਾਲ਼ ਵਿਚਾਰ ਕਰਨਾ ਜਰਾ।