ਐਪਲ ਪ੍ਰਸ਼ੰਸਕਾਂ ਲਈ ਮਹੱਤਵਪੂਰਨ ਖ਼ਬਰ ਹੈ ਕਿ ਆਈਫੋਨ 16 ਸੀਰੀਜ਼ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ਅਤੇ ਲਾਂਚ ਤਾਰੀਖ ਆ ਗਈ ਹੈ। ਬਲੂਮਬਰਗ ਵਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਐਪਲ ਸੋਮਵਾਰ, ਸਤੰਬਰ 9 ਨੂੰ ਸਵੇਰੇ 10 ਵਜੇ ਪੈਸੀਫਿਕ, ਐਪਲ ਦੇ ਕੂਪਰਟੀਨੋ ਮੁੱਖ ਦਫਤਰ, ਸਟੀਵ ਜੌਬਸ ਥੀਏਟਰ ਵਿੱਚ ਆਪਣੇ ਨਵੇਂ ਆਈਫੋਨ 16 ਮਾਡਲਾਂ ਦਾ ਐਲਾਨ ਕਰਨ ਵਾਲੀ ਹੈ। ਇਸ ਵਾਰ ਦੇ ਆਈਫੋਨ 16 ਲਾਂਚ ਈਵੈਂਟ ਦੇ ਦੌਰਾਨ, ਕੰਪਨੀ ਚਾਰ ਮਾਡਲ ਪੇਸ਼ ਕਰੇਗੀ: ਆਈਫੋਨ 16, ਆਈਫੋਨ 16 ਪਲੱਸ, ਆਈਫੋਨ 16 ਪ੍ਰੋ, ਅਤੇ ਆਈਫੋਨ 16 ਪ੍ਰੋ ਮੈਕਸ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਾਲ 2024 ਦੇ ਦੌਰਾਨ ਐਪਲ ਦਾ ਆਖਰੀ ਵੱਡਾ ਪ੍ਰੋਗਰਾਮ ਹੋ ਸਕਦਾ ਹੈ। ਆਈਫੋਨ 16 ਸੀਰੀਜ਼ ਦੇ ਇਹ ਨਵੇਂ ਮਾਡਲ 20 ਸਤੰਬਰ ਤੋਂ ਵਿਸ਼ਵ ਪੱਧਰ ‘ਤੇ ਵਿਕਰੀ ਲਈ ਉਪਲਬਧ ਹੋ ਸਕਦੇ ਹਨ, ਹਾਲਾਂਕਿ ਭਾਰਤ ਵਿੱਚ ਇਨ੍ਹਾਂ ਦੀ ਉਪਲਬਧਤਾ ਦੀ ਪੁਸ਼ਟੀ ਹੁਣ ਤੱਕ ਨਹੀਂ ਕੀਤੀ ਗਈ।
ਕੀਮਤਾਂ ਦਾ ਖੁਲਾਸਾ:
ਜੋ ਕੀਮਤਾਂ ਲੀਕ ਹੋਈਆਂ ਹਨ, ਉਹਨਾਂ ਮੁਤਾਬਕ iPhone 16 ਦੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਕੁਝ ਇਸ ਤਰ੍ਹਾਂ ਹੋ ਸਕਦੀਆਂ ਹਨ:
- iPhone 16: $799 (ਕਰੀਬ 67,100 ਰੁਪਏ)
- iPhone 16 Plus: $899 (ਕਰੀਬ 75,500 ਰੁਪਏ)
- iPhone 16 Pro: $1,099 (ਕਰੀਬ 92,300 ਰੁਪਏ)
- iPhone 16 Pro Max: $1,199 (ਕਰੀਬ 1,00,700 ਰੁਪਏ)
ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਆਈਫੋਨ 16 ਸੀਰੀਜ਼ ਦੇ ਰੈਗੂਲਰ ਅਤੇ ਪ੍ਰੋ ਮਾਡਲਾਂ ਵਿੱਚ ਵੱਖ-ਵੱਖ ਸਟੋਰੇਜ ਵਿਕਲਪ ਹੋਣਗੇ, ਜਿਵੇਂ ਕਿ 256GB, 512GB, ਅਤੇ ਪ੍ਰੋ ਮਾਡਲਾਂ ਵਿੱਚ 512GB ਅਤੇ 1TB ਤੱਕ ਦੇ ਸਟੋਰੇਜ ਵਿਕਲਪ ਸ਼ਾਮਲ ਹੋ ਸਕਦੇ ਹਨ।
ਭਾਰਤ ਵਿੱਚ ਕੀਮਤਾਂ:
ਭਾਰਤ ਵਿੱਚ, ਆਈਫੋਨ 16 ਸੀਰੀਜ਼ ਦੀਆਂ ਕੀਮਤਾਂ ਅੰਤਰਰਾਸ਼ਟਰੀ ਮਾਰਕੀਟਾਂ ਦੇ ਮੁਕਾਬਲੇ ਉੱਚੀਆਂ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਦੇ ਆਈਫੋਨ 15 ਪ੍ਰੋ ਮਾਡਲ ਦੀ ਕੀਮਤ 1,34,900 ਰੁਪਏ ਸੀ, ਜਦੋਂ ਕਿ ਪ੍ਰੋ ਮੈਕਸ 1,59,900 ਰੁਪਏ ਵਿੱਚ ਉਪਲਬਧ ਸੀ। ਨਵੇਂ ਆਈਫੋਨ 16 ਦੀ ਲਾਂਚ ਤਾਰੀਖ ਨੇੜੇ ਆਉਣ ‘ਤੇ ਹੋਰ ਜਾਣਕਾਰੀ ਮਿਲਣ ਦੀ ਉਮੀਦ ਹੈ।