ਪੀਲ ਪੁਲਿਸ ਨੇ ਬਰੈਂਪਟਨ ਵਿਖੇ ਰਹਿੰਦੇ 22 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਤਿੰਨ ਵੱਖ-ਵੱਖ ਬਲਾਤਕਾਰ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਮਾਮਲੇ ਨਵੰਬਰ ਮਹੀਨੇ ਦੇ ਦੌਰਾਨ ਸਾਮ੍ਹਣੇ ਆਏ ਹਨ, ਜਦੋਂ ਮੁਲਜ਼ਮ ਨੇ ਵਾਰ-ਵਾਰ ਔਰਤਾਂ ਨੂੰ ਨਿਸ਼ਾਨਾ ਬਣਾਇਆ।
ਪੁਲਿਸ ਅਨੁਸਾਰ, ਅਰਸ਼ਦੀਪ ਨੇ ਆਪਣੇ ਆਪ ਨੂੰ ਰਾਈਡਸ਼ੇਅਰ ਡਰਾਈਵਰ ਦੱਸ ਕੇ ਔਰਤਾਂ ਨੂੰ ਗੰਭੀਰ ਜੁਰਮਾਂ ਦਾ ਸ਼ਿਕਾਰ ਬਣਾਇਆ। ਉਹ ਉਨ੍ਹਾਂ ਨੂੰ ਅਲੱਗ-ਥਲੱਗ ਥਾਵਾਂ ‘ਤੇ ਲੈ ਜਾ ਕੇ ਜਿਨਸੀ ਹਿੰਸਾ ਕਰਦਾ ਸੀ। ਦਸੰਬਰ 2022 ‘ਚ ਸਟੱਡੀ ਵੀਜ਼ੇ ‘ਤੇ ਪੰਜਾਬ ਤੋਂ ਕੈਨੇਡਾ ਆਏ ਅਰਸ਼ਦੀਪ ਨੇ ਬਰੈਂਪਟਨ ਵਿੱਚ ਹਾਲੀਆ ਬੱਸ ਹੜਤਾਲ ਦਾ ਫਾਇਦਾ ਚੁੱਕਦੇ ਹੋਏ ਔਰਤਾਂ ਨੂੰ ਆਪਣੀ ਯਾਤਰਾ ਸੇਵਾ ਦਿਖਾ ਕੇ ਵਰਗਲਾਇਆ।
ਤਿੰਨ ਵਾਰਦਾਤਾਂ ਦੇ ਸਬੂਤ ਮਿਲਣ ਉੱਪਰੰਤ, ਪੀਲ ਅਤੇ ਯੈਕ ਖੇਤਰਾਂ ਦੀ ਪੁਲਿਸ ਨੇ ਸਾਂਝੇ ਤੌਰ ‘ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਮਲਜ਼ਮ ਖ਼ਿਲਾਫ਼ 3 ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਜਿਨਸੀ ਸ਼ੋਸ਼ਣ, ਹਥਿਆਰਾਂ ਦੀ ਵਰਤੋਂ ਨਾਲ ਜਿਨਸੀ ਹਿੰਸਾ, ਅਤੇ ਧਮਕੀ ਦੇਣ ਸਬੰਧੀ ਗੰਭੀਰ ਧਾਰਾਵਾਂ ਸ਼ਾਮਲ ਹਨ। ਮੁਲਜ਼ਮ ਨੂੰ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਗਿਆ।
ਇਸ ਮਾਮਲੇ ‘ਚ ਅਹਿਮ ਗੱਲ ਇਹ ਹੈ ਕਿ ਤਿੰਨਾਂ ਪੀੜਤ ਔਰਤਾਂ ਨੇ ਦੱਸਿਆ ਕਿ ਮੁਲਜ਼ਮ ਸਮੇਂ-ਸਮੇਂ ‘ਤੇ ਪੰਜਾਬੀ ਵਿੱਚ ਗੱਲ ਕਰਦਾ ਸੀ। ਇਸ ਬਿਨਾਹ ਪੁਲਿਸ ਨੇ ਪੰਜਾਬੀ ਮੂਲ ਦੇ ਵਿਅਕਤੀ ਦੇ ਖ਼ਿਲਾਫ਼ ਵਧੇਰੇ ਜਾਂਚ ਸ਼ੁਰੂ ਕੀਤੀ।
ਪੀਲ ਪੁਲਿਸ ਦੇ ਡਿਪਟੀ ਚੀਫ਼ ਨਿਕ ਮਿਲਿਨੋਵਿਚ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਗ੍ਰਿਫ਼ਤਾਰੀ ਸਾਡੀ ਟੀਮ ਦੀ ਕਠੋਰ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਜਨਤਕ ਤੌਰ ‘ਤੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਹੋਰ ਨੇ ਵੀ ਇਨ੍ਹਾਂ ਘਟਨਾਵਾਂ ਸਬੰਧੀ ਜਾਣਕਾਰੀ ਦੇਣੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੁਲਿਸ ਲਿੰਗ ਅਧਾਰਿਤ ਹਿੰਸਾ ਦੇ ਮਾਮਲਿਆਂ ਵਿੱਚ ਕੜੀ ਕਾਰਵਾਈ ਜਾਰੀ ਰੱਖੇਗੀ।
ਇਹ ਘਟਨਾ ਸਿਰਫ਼ ਸਥਾਨਕ ਸੁਰੱਖਿਆ ਲਈ ਹੀ ਨਹੀਂ, ਸਗੋਂ ਕੈਨੇਡਾ ਵਿੱਚ ਵਧ ਰਹੀਆਂ ਜਿਨਸੀ ਹਿੰਸਾ ਦੀਆਂ ਸਮੱਸਿਆਵਾਂ ਨੂੰ ਵੀ ਸਪੱਸ਼ਟ ਕਰਦੀ ਹੈ।