ਅੱਜ ਦੀ ਦੁਨੀਆ ‘ਚ ਆਮ ਤੋਂ ਖਾਸ ਤੱਕ ਹਰ ਕੋਈ ਕਿਸੇ ਨਾ ਕਿਸੇ ਰੂਪ ‘ਚ ਸੋਸ਼ਲ ਮੀਡੀਆ ‘ਤੇ ਮੌਜੂਦ ਹੈ। ਚਾਹੇ ਉਹ ਨੇਤਾ ਹੋਣ ਜਾਂ ਅਭਿਨੇਤਾ ਜਾਂ ਐਥਲੀਟ ਅਤੇ ਹੋਰ ਮਸ਼ਹੂਰ ਹਸਤੀਆਂ, ਹਰ ਕਿਸੇ ਨੂੰ ਸੋਸ਼ਲ ਮੀਡੀਆ ‘ਤੇ ਆਪਣੀ ਗੱਲ ਦੱਸਣਾ ਵਧੇਰੇ ਲਾਹੇਵੰਦ ਲੱਗਦਾ ਹੈ। ਪੰਜਾਬ ਦੇ ਆਗੂ ਵੀ ਪਿੱਛੇ ਨਹੀਂ ਹਨ। ਕਈ ਨੇਤਾ ਅਕਸਰ ਮੀਡੀਆ ਨਾਲ ਗੱਲ ਕਰਨ ਦੀ ਬਜਾਏ ਸੋਸ਼ਲ ਮੀਡੀਆ ‘ਤੇ ਗੱਲ ਕਰਦੇ ਹਨ।
ਟਵਿੱਟਰ ਦੀ ਗੱਲ ਕਰੀਏ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਵਿੱਟਰ ਹੈਂਡਲ ਦੇ 1.1 ਮਿਲੀਅਨ ਫਾਲੋਅਰਜ਼ ਹੋ ਚੁੱਕੇ ਹਨ। ਟਵਿਟਰ ‘ਤੇ ਦੂਜੇ ਨੰਬਰ ‘ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੈ, ਜਿਨ੍ਹਾਂ ਦੇ 10 ਲੱਖ ਤੋਂ ਵੱਧ ਫਾਲੋਅਰਜ਼ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੇ ਟਵਿੱਟਰ ‘ਤੇ 5,49,000 ਫਾਲੋਅਰਜ਼ ਹਨ, ਜਦਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ 4,12,000 ਫਾਲੋਅਰਜ਼ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਿਰਫ 168,000 ਫਾਲੋਅਰ ਹਨ।
ਫੇਸਬੁੱਕ ਦੀ ਗੱਲ ਕਰੀਏ ਤਾਂ ਸੁਖਬੀਰ ਬਾਦਲ ਦੇ ਪੇਜ ਨੂੰ 23,57,200 ਤੋਂ ਵੱਧ ਲਾਈਕਸ ਮਿਲੇ ਹਨ, ਜਿਸ ਤੋਂ ਬਾਅਦ ਭਗਵੰਤ ਮਾਨ 2,114,704 ਲਾਈਕਸ ਹਨ। ਨਵਜੋਤ ਸਿੱਧੂ ਦੇ ਫੇਸਬੁੱਕ ਪੇਜ ਨੂੰ 16,94,000 ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ ਅਤੇ ਕੈਪਟਨ ਅਮਰਿੰਦਰ ਦੇ ਪੇਜ ਨੂੰ ਕਰੀਬ 13,75,000 ਲੋਕਾਂ ਨੇ ਲਾਈਕ ਕੀਤਾ ਹੈ। ਮੁੱਖ ਮੰਤਰੀ ਚੰਨੀ ਦੇ ਫੇਸਬੁੱਕ ਪੇਜ ਨੂੰ ਸਿਰਫ਼ 272,000 ਲੋਕਾਂ ਨੇ ਲਾਈਕ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵੱਖ-ਵੱਖ ਪਾਰਟੀਆਂ ਦੇ ਫੇਸਬੁੱਕ ਪੇਜਾਂ ‘ਤੇ 5,65,000 ਤੋਂ ਵੱਧ ਲਾਈਕਸ ਪ੍ਰਾਪਤ ਕੀਤੇ ਹਨ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਲਗਭਗ 5,60,000 ਫੇਸਬੁੱਕ ਪੇਜ ਲਾਈਕ ਹਨ।