ਕਲਾਈਮੇਟ ਵਿਸ਼ਲੇਸ਼ਣ ਵਿੱਚ ਇਹ ਪੇਸ਼ੀਨਿਗੋਈ ਕੀਤੀ ਗਈ ਹੈ ਕਿ ਹੜ੍ਹ, ਸੋਕੇ ਤੇ ਤੂਫਾਨਾਂ ਕਾਰਨ ਹਾਈਵੇਅਜ਼ ਤਬਾਹ ਹੋ ਜਾਣਗੇ, ਬਿਲਡਿੰਗਾਂ ਤੇ ਪਾਵਰ ਗਰਿੱਡ ਵੀ ਨੁਕਸਾਨੇ ਜਾਣਗੇ, ਜਿਸ ਨਾਲ ਕੈਨੇਡਾ ਦੇ ਅਰਥਚਾਰੇ ਨੂੰ ਅਗਲੇ 30 ਸਾਲਾਂ ਵਿੱਚ 139 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ।
ਐਕੁਆਨੌਮਿਕਸ ਸਿਰਲੇਖ ਹੇਠ ਇਹ ਰਿਪੋਰਟ GHD ਵੱਲੋਂ ਅੱਜ ਛਾਪੀ ਗਈ ਹੈ। GHD ਗਲੋਬਲ ਇੰਜੀਨੀਅਰਿੰਗ ਤੇ ਆਰਕੀਟੈਕਚਰ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਫਰਮ ਹੈ। GHD ਦੇ ਕੈਨੇਡੀਅਨ ਵਾਟਰ ਲੀਡ ਡੌਨ ਹੌਲੈਂਡ ਨੇ ਦੱਸਿਆ ਕਿ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਵਿੱਚ ਬਣੀ ਹੜ੍ਹਾਂ ਵਰਗੀ ਸਥਿਤੀ ਕਾਰਨ ਵੱਡੀ ਪੱਧਰ ਉੱਤੇ ਬਰਬਾਦੀ ਹੋਣ ਦੀਆਂ ਸੈਂਕੜੇ ਰਿਪੋਰਟਾਂ ਸਾਹਮਣੇ ਆਈਆਂ।
ਇਸ ਰਿਪੋਰਟ ਵਿੱਚ ਆਰਥਿਕ ਉਤਪਾਦਕਤਾ ਨੂੰ ਪਹੁੰਚਣ ਵਾਲੇ ਘਾਟੇ ਦੀ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਜਦੋਂ ਗੱਲ ਸਪਲਾਈ ਚੇਨ ਦੀ ਆਉਂਦੀ ਹੈ ਤਾਂ ਸਿਸਟਮ ਨੂੰ ਲੱਗਣ ਵਾਲੇ ਝਟਕੇ ਬਾਰੇ ਵੀ ਗੱਲ ਕੀਤੀ ਗਈ ਹੈ।
ਇਹ ਰਿਪੋਰਟ ਦਰਸਾਉਂਦੀ ਹੈ ਕਿ ਹੁਣ ਤੇ 2050 ਦਰਮਿਆਨ ਪਾਣੀ ਨਾਲ ਸਬੰਧਤ ਕਲਾਈਮੇਟ ਤਬਾਹੀ ਕਾਰਨ ਉਤਪਾਦਨ ਤੇ ਵੰਡ ਸਿਸਟਮ ਨੂੰ ਕਾਫੀ ਨੁਕਸਾਨ ਹੋਵੇਗਾ। ਇਸ ਨਾਲ ਅਰਥਚਾਰੇ ਨੂੰ 64 ਬਿਲੀਅਨ ਡਾਲਰ ਦਾ ਘਾਟਾ ਪਵੇਗਾ ਜਾਂ ਉਤਪਾਦਨ ਖੇਤਰ ਨੂੰ 0·2 ਫੀ ਸਦੀ ਦਾ ਘਾਟਾ ਹੋਵੇਗਾ। ਜਿੱਥੇ ਸੋਕੇ ਪੈਣ ਨਾਲ ਸਿੱਧੇ ਤੌਰ ਉੱਤੇ ਇੰਡਸਟਰੀਅਲ ਉਤਪਾਦਨ ਦੇ ਰਾਹ ਵਿੱਚ ਅੜਿੱਕੇ ਆਉਣਗੇ, ਉੱਥੇ ਹੀ ਹੜ੍ਹਾਂ ਤੇ ਤੂਫਾਨ ਆਉਣ ਨਾਲ ਬਿਲਡਿੰਗਾਂ ਤੇ ਮਸ਼ੀਨਰੀ ਨੂੰ ਸਿੱਧੇ ਤੌਰ ਉੱਤੇ ਨੁਕਸਾਨ ਪਹੁੰਚੇਗਾ। ਇਸ ਨਾਲ ਪਾਵਰ ਸਪਲਾਈ ਠੱਪ ਹੋ ਜਾਵੇਗੀ ਤੇ ਫੈਕਟਰੀਆਂ ਬੰਦ ਹੋ ਜਾਣਗੀਆਂ।