ਵਾਸਾਗਾ ਬੀਚ ਤੇ ਪਿਛਲੇ ਮਹੀਨੇ ਹੋਈ ਇੱਕ ਕਾਰ ਰੈਲੀ ਤੋਂ ਬਾਅਦ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੁਆਰਾ 20 ਲੋਕਾਂ ਨੂੰ ਚਾਰਜ ਕੀਤਾ ਗਿਆ। ਵੀਰਵਾਰ ਨੂੰ ,OPP ਕੇਂਦਰੀ ਖੇਤਰ ਦੇ ਸਾਰਜੈਂਟ ਰੌਬਰਟ ਸਿੰਪਸਨ ਨੇ ਟਵਿੱਟਰ ‘ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਪੁਸ਼ਟੀ ਕੀਤੀ ਕਿ ਵਾਸਾਗਾ ਬੀਚ ‘ਤੇ ਵਾਪਰੀ 26-28 ਅਗਸਤ ਤੱਕ ਦੀ ਘਟਨਾ ਦੇ ਸਬੰਧ ਵਿੱਚ 20 ਲੋਕਾਂ ਨੂੰ ਚਾਰਜ ਕੀਤਾ ਗਿਆ ਹੈ।
ਇਹ ਚਾਰਜ ਖਤਰਨਾਕ ਢੰਗ ਨਾਲ ਕਰਤਬ ਦਿਖਾਉਣ, ਕਾਰ ਰੇਸਿੰਗ, ਸਟੰਟ ਡਰਾਈਵਿੰਗ, ਤੋੜ ਭੰਨ੍ਹ ਤੇ ਹਾਈਵੇਅ ਟਰੈਫਿਕ ਐਕਟ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਲਾਏ ਗਏ ਹਨ।ਦੋਸ਼ੀਆ ਦੀ ਉਮਰ 17 ਤੋਂ 37 ਸਾਲ ਦੇ ਵਿਚਕਾਰ ਹੈ। ਉਹਨਾਂ ਵਿੱਚੋਂ ਜ਼ਿਆਦਾਤਰ ਓਨਟਾਰੀਓ ਵਾਸੀ ਹਨ, ਜਿਸ ਵਿੱਚ ਕੇਂਦਰੀ ਖੇਤਰ ਅਤੇ ਗ੍ਰੇਟਰ ਟੋਰਾਂਟੋ ਏਰੀਆ ਵੀ ਸ਼ਾਮਲ ਹੈ। ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਦੋਸ਼ ਲਾਏ ਜਾਣ ਦੀ ਸੰਭਾਵਨਾ ਹੈ।