ਓਨਟੇਰਿਓ ਸਰਕਾਰ ਵੱਲੋਂ ਅਗਲੇ ਮਹੀਨੇ ਪੇਸ਼ ਕੀਤੇ ਜਾਣ ਵਾਲੇ ਕਾਨੂੰਨ ਦੇ ਤਹਿਤ ਕੈਨੇਡਾ ਭਰ ਦੇ ਹੈਲਥ ਕੇਅਰ ਵਰਕਰ ਫ਼ੌਰੀ ਤੌਰ ‘ਤੇ ਓਨਟੇਰਿਓ ਵਿਚ ਕੰਮ ਕਰਨਾ ਸ਼ੁਰੂ ਕਰ ਸਕਣਗੇ।ਪ੍ਰੀਮੀਅਰ ਫ਼ੋਰਡ ਨੇ ਕਿਹਾ ਹੈ ਕਿ ਨਵੇਂ ਨਿਯਮਾਂ ਤਹਿਤ ਹੋਰ ਸੂਬਿਆਂ ਵਿਚ ਰਜਿਸਟਰਡ ਹੈਲਥ ਕੇਅਰਾਂ ਦੇ ਪ੍ਰਮਾਣ ਪੱਤਰ, ਓਨਟੇਰਿਓ ਵਿਚ ਆਪਣੇ ਆਪ ਮਾਨਤਾ ਪ੍ਰਾਪਤ ਹੋਣਗੇ ਅਤੇ ਹੈਲਥ ਕੇਅਰ ਵਰਕਰ ਓਨਟੇਰਿਓ ਵਿਚ ਆਉਂਦਿਆਂ ਸਾਰ ਕੰਮ ਸ਼ੁਰੂ ਕਰ ਸਕਣਗੇ।
ਇੱਕ ਨਿਊਜ਼ ਕਾਨਫ਼੍ਰੰਸ ਵਿਚ ਬੋਲਦਿਆਂ ਫ਼ੋਰਡ ਨੇ ਕਿਹਾ ਕਿ ਜੇ BC ਤੋਂ ਕੋਈ ਡਾਕਟਰ, ਜਾਂ ਜੇ ਕਿਊਬੈਕ ਤੋਂ ਕੋਈ ਨਰਸ ਓਨਟੇਰਿਓ ਆਕੇ ਕੰਮ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਕੰਮ ਸ਼ੁਰੂ ਕਰਨ ਵਿਚ ਪ੍ਰਸ਼ਾਸਨੀ ਰੁਕਾਵਟਾਂ ਦਰਪੇਸ਼ ਨਹੀਂ ਹੋਣੀਆਂ ਚਾਹੀਦੀਆਂ। ਫ਼ੋਰਡ ਨੇ ਕੈਨੇਡਾ ਭਰ ਵਿਚ ਕਿਸੇ ਵੀ ਸੂਬੇ ਵਿਚ ਕੰਮ ਕਰ ਰਹੇ ਨਰਸਾਂ, ਡਾਕਟਰਾਂ ਅਤੇ ਹੈਲਥ ਵਰਕਰਾਂ ਨੂੰ ਕਿਹਾ: ਜੇ ਤੁਸੀਂ ਓਨਟੇਰਿਓ ਨੂੰ ਆਪਣਾ ਨਵਾਂ ਘਰ ਬਣਾਉਣ ਦੀ ਸੋਚ ਰਹੇ ਹੋ, ਤਾਂ ਅਜਿਹਾ ਕਰਨ ਦਾ ਇਹ ਬਿਹਤਰੀਨ ਮੌਕਾ ਹੈ। ਅਸੀਂ ਖੁੱਲ੍ਹੀਆਂ ਬਾਹਾਂ ਨਾਲ ਤੁਹਾਡਾ ਸੁਆਗਤ ਕਰਾਂਗੇ
।
ਪਰ ਇਸ ਐਲਾਨ ਵਿਚ ਬਹੁਤੇ ਵੇਰਵੇ ਸ਼ਾਮਲ ਨਹੀਂ ਹਨ, ਅਤੇ ਕਾਲਜ ਔਫ਼ ਫ਼ਿਜ਼ੀਸ਼ੀਅਨਜ਼ ਐਂਡ ਸਰਜਨਜ਼ ਔਫ਼ ਓਨਟੇਰਿਓ ਨੇ ਕਿਹਾ ਕਿ ਉਹ ਇਸ ਬਾਰੇ ਹੋਰ ਜਾਣਨ ਲਈ ਉਤਸੁਕ ਹਨ।ਕਾਲਜ ਦੇ ਬੁਲਾਰੇ ਸ਼ੇਅ ਗ੍ਰੀਨਫ਼ੀਲਡ ਨੇ ਕਿਹਾ ਕਿ ਕੈਨੇਡੀਅਨ ਡਾਕਟਰਾਂ ਲਈ ਓਨਟੇਰਿਓ ਵਿਚ ਆਕੇ ਕੰਮ ਕਰਨ ਦੇ ਰਾਹ ਪਹਿਲਾਂ ਤੋਂ ਵੀ ਮੌਜੂਦ ਹਨ, ਜਿਸ ਵਿਚ ਕੈਨੇਡੀਅਨ ਫ਼੍ਰੀ ਟ੍ਰੇਡ ਅਗਰੀਮੈਂਟ ਅਤੇ ਹਾਲ ਹੀ ਵਿਚ ਤਿਆਰ ਕੀਤੀ ਟੈਂਪੋਰੈਰੀ ਰਜਿਸਟ੍ਰੇਸ਼ਨ ਦੇ ਰਾਹ ਸ਼ਾਮਲ ਹਨ।
ਉਹਨਾਂ ਕਿਹਾ ਕਿ ਉਕਤ ਦੋਵੇਂ ਤਰੀਕਿਆਂ ਅਧੀਨ ਅਰਜ਼ੀ ਦਿੱਤੇ ਜਾਣ ਦੇ 5 ਦਿਨਾਂ ਦੇ ਅੰਦਰ ਮੈਡੀਕਲ ਪ੍ਰੈਕਟਿਸ ਦਾ ਲਾਇਸੈਂਸ ਮਿਲ ਜਾਂਦਾ ਹੈ। ਉਹਨਾਂ ਕਿਹਾ ਕਿ ਕਾਲਜ ਨਵੇਂ ਨਿਯਮਾਂ ਅਧੀਨ ਵੇਰਵਿਆਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਸਰਕਾਰ ਨਾਲ ਕੰਮ ਕਰਨ ਦੀ ਉਮੀਦ ਕਰਦਾ ਹੈ।
ਫ਼ੋਰਡ ਨੇ ਕਿਹਾ ਕਿ ਨਵੀਆਂ ਤਬਦੀਲੀਆਂ ਓਨਟੇਰਿਓ ਆਉਣ ਵਾਲੇ ਡਾਕਟਰਾਂ ਅਤੇ ਨਰਸਾਂ ਨੂੰ ਸੂਬੇ ਵਿਚ ਆਉਂਦਿਆਂ ਹੀ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦੇਣਗੀਆਂ। ਉਹਨਾਂ ਨੂੰ ਓਨਟੇਰਿਓ ਆਉਣ ਦੇ ਇੱਕ ਸਾਲ ਦੇ ਅੰਦਰ ਅੰਦਰ ਰੈਗੂਲੇਟਰੀ ਕਾਲਜ ਨਾਲ ਰਜਿਸਟਰ ਕਰਨਾ ਹੋਵੇਗਾ। ਸੂਬੇ ਨੇ ਕਿਹਾ ਕਿ ਇਹ ਤਬਦੀਲੀ ਇੱਕ ਪੈਨ-ਕੈਨੇਡੀਅਨ ਰਜਿਸਟ੍ਰੇਸ਼ਨ ਮਾਡਲ ਵੱਲ ਪਹਿਲਾ ਕਦਮ ਹੋਵੇਗਾ।
ਸਰਕਾਰ ਨੇ ਇਹ ਵੀ ਕਿਹਾ ਕਿ ਨਵਾਂ ਕਾਨੂੰਨ ਨਰਸਾਂ, ਪੈਰਾਮੈਡਿਕਸ ਅਤੇ ਸਾਹ ਦੇ ਥੈਰੇਪਿਸਟਾਂ ਸਮੇਤ ਹੈਲਥ ਪ੍ਰੋਫ਼ੈਸ਼ਨਲਜ਼, ਜਿਨ੍ਹਾਂ ਕੋਲ ਲੋੜੀਂਦਾ ਹੁਨਰ ਅਤੇ ਗਿਆਨ ਹੋਵੇ, ਨੂੰ ਅਸਥਾਈ ਤੌਰ ‘ਤੇ ਆਪਣੀਆਂ ਨਿਯਮਤ ਜ਼ਿੰਮੇਵਾਰੀਆਂ ਤੋਂ ਬਾਹਰ ਕੰਮ ਕਰਨ ਦੀ ਵੀ ਇਜਾਜ਼ਤ ਦੇਵੇਗਾ।
ਦ ਕੈਨੇਡੀਅਨ ਪ੍ਰੈੱਸ