(ਸਤਪਾਲ ਸਿੰਘ ਜੌਹਲ)- ਭਾਰਤ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੇ 500 ਤੋਂ ਵੱਧ ਲੋਕ ਸੁਪਨਿਆਂ ਦੇ ਦੇਸ਼ ਵਿੱਚ ਪੁੱਜਣ ਲਈ ਮੱਛੀਆਂ ਫੜਨ ਵਾਲੇ ਇਕ ਸ਼ਿੱਪ ਵਿੱਚ ਸਵਾਰ ਹੋਏ ਸਨ ਪਰ ਬੀਤੇ ਬੁੱਧਵਾਰ ਨੂੰ ਉਹ ਸ਼ਿੱਪ ਯੂਨਾਨ (ਗਰੀਸ) ਦੇ ਤੱਟ ਨੇੜੇ ਸਮੁੰਦਰ ਵਿੱਚ ਡੁੱਬ ਗਿਆ ਅਤੇ ਸਾਰੇ ਸਵਾਰ ਡੁੱਬ ਕੇ ਮਾਰੇ ਜਾਣ ਦੀ ਖਬਰ ਹੈ। ਮਨਪਸੰਦ ਦੇ ਦੇਸ਼ਾਂ ਵਿੱਚ ਪਹੁੰਚਣ ਲਈ ਲੋਕਾਂ ਦਾ ਓਥੇ ਸਮੁੰਦਰ ਵਿੱਚ ਡੁੱਬ ਕੇ ਮਰਨ ਦਾ ਅਜਿਹਾ ਵਰਤਾਰਾ ਨਾ ਪਹਿਲਾ ਹੈ ਤਾਂ ਬਣੇ ਹੋਏ ਹਾਲਾਤਾਂ ਤੋਂ ਜਾਪਦਾ ਹੈ ਕਿ ਆਖਰੀ ਹੈ। ਹੁਣ ਜਿਆਦਾ ਮੌਤਾਂ ਹੋਈਆਂ, ਚਰਚਾ ਤਾਂ ਹੋਈ ਹੈ।
ਦੂਸਰੇ ਪਾਸੇ, ਮਨਪਸੰਦ ਦੇ ਦੇਸ਼ ਵਿੱਚ ਪਹੁੰਚਣ ਮਗਰੋਂ ਭੱਲ ਨਾ ਪਚਣ ਦੀ ਕੈਨੇਡਾ ਤੋਂ ਇਹ ਖਬਰ ਵੀ ਲੱਗਭੱਗ ਉਦੋਂ ਆਈ ਜਦੋਂ ਉਪਰੋਕਤ ਸ਼ਿੱਪ ਵਿੱਚ ਲੋਕਾਂ ਦੀ ਇਟਲੀ ਪਹੁੰਚਣ ਵਾਸਤੇ ਜੱਦੋਜਹਿਦ ਜਾਰੀ ਸੀ ਪਰ ਉਨ੍ਹਾਂ ਉਪਰ ਮੌਤ ਭਾਰੀ ਪਈ।
ਟੋਰਾਂਟੋ ਨੇੜੇ ਦੁਰਹਮ ਖੇਤਰ ਵਿੱਚ ਬੀਤੇ ਮੰਗਲ਼ਵਾਰ ਨੂੰ ਪੁਲਿਸ ਨੇ ਸ਼ਰਾਬਾਂ ਦੇ ਸਟੋਰ ਵਿੱਚੋਂ ਵੱਡੀ ਮਾਤਰਾ ਵਿੱਚ ਸ਼ਰਾਬਾਂ ਚੋਰੀ ਕਰਕੇ ਗੱਡੀ ਭਜਾ ਲੈਣ ਦੇ ਦੋਸ਼ਾਂ ਤਹਿਤ ਗੁਰਵਿੰਦਰ ਕੰਗ (40) ਤੇ ਅਜੀਤਪਾਲ ਗਿੱਲ (23) ਨੂੰ ਬੋਮਨਵਿੱਲ ਤੋਂ ਵਿਟਬੀ ਤੱਕ ਗੱਡੀਆਂ ਅਤੇ ਹੈਲੀਕਾਪਟਰ ਦੀ ਮਦਦ ਨਾਲ਼ ਪਿੱਛਾ ਕਰਕੇ ਬੜੇ ਕਜੀਏ ਨਾਲ਼ ਕਾਬੂ ਕੀਤਾ। ਸ਼ਰਾਬਾਂ ਦੇ ਚੋਰਾਂ ਦਾ ਹੈਲੀਕਾਪਟਰ ਨਾਲ਼ ਪਿੱਛਾ ਕਰਨਾ ਪਿਆ।
ਇਹ ਹੁਣ ਕਮਾਲ ਦੀ ਗੱਲ ਹੀ ਹੈ ਕਿ ਮਨਪਸੰਦ ਦੇਸ਼ਾਂ ਵਿੱਚ ਵੜਨ ਦਾ ਮੌਕਾ ਹਥਿਆਉਣ ਲਈ ਅਸੀਂ ਜਾਨਾਂ ਤਲੀਆਂ ਉਪਰ ਵੀ ਰੱਖੀਆਂ ਹੋਈਆਂ ਹਨ ਅਤੇ ਓਥੇ ਪਹਿਲਾਂ ਪਹੁੰਚ ਚੁੱਕੇ ਵੱਡੀ ਗਿਣਤੀ ਲੋਕ ਆਪਣੇ ਨਰਕੀ ਸਿਰਾਂ ਦੀਆਂ ਬੇਈਮਾਨ ਸਕੀਮੀ ਗੋਂਦਾਂਗੁੰਦ ਕੇ ਮੁਜਰਮ ਵੀ ਬਣ ਰਹੇ/ਰਹੀਆਂ ਹਨ। ਬਾਕੀ ਤੁਸੀਂ ਆਪ ਸਿਆਣੇ ਹੋ ਜੀ।