ਇੱਕ ਨਵੀਂ ਰਿਪੋਰਟ ਨੇ ਕੈਨੇਡਾ ਲਈ ਵਧੇਰੇ ਇਮੀਗ੍ਰੇਸ਼ਨ ਦੀ ਜ਼ਰੂਰਤ ਦੀ ਹਿਮਾਇਤ ਕੀਤੀ ਹੈ। ਰਿਪੋਰਟ ਵਿਚ ਕੈਨੇਡਾ ਦੀ ਬੁੱਢੀ ਹੋ ਰਹੀ ਆਬਾਦੀ ਨੂੰ ਅਧਾਰ ਬਣਾਕੇ ਮੁਲਕ ਵਿਚ ਵਧੇਰੇ ਇਮੀਗ੍ਰੈਂਟਸ ਨੂੰ ਬੁਲਾਉਣ ਦੀ ਲੋੜ ਨੂੰ ਉਜਾਗਰ ਕੀਤਾ ਗਿਆ ਹੈ।
ਸੋਮਵਾਰ ਨੂੰ ਡਿਜ਼ਯਾਰਡਿਨ ਦੀ ਜਾਰੀ ਰਿਪੋਰਟ ਵਿਚ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਕੈਨੇਡਾ ਵਿਚ ਓਲਡ-ਏਜ ਡਿਪੈਨਡੈਂਸੀ ਰੇਸ਼ੋਅ (old-age dependency ratio) ਬਰਕਰਾਰ ਰੱਖਣ ਲਈ ਕੰਮਕਾਜੀ ਆਬਾਦੀ (working population) ਵਿਚ ਕਿੰਨਾ ਵਿਕਾਸ ਹੋਣ ਦੀ ਜ਼ਰੂਰਤ ਹੈ। 15 ਤੋਂ 64 ਸਾਲ ਦੀ ਕੰਮਕਾਜੀ ਆਬਾਦੀ ਅਤੇ 65 ਸਾਲ ਤੇ ਉਸਤੋਂ ਵੱਧ ਉਮਰ ਦੀ ਆਬਾਦੀ ਦੇ ਅਨੁਪਾਤ ਨੂੰ ਓਲਡ-ਏਜ ਡਿਪੈਨਡੈਂਸੀ ਰੇਸ਼ੋਅ ਕਿਹਾ ਜਾਂਦਾ ਹੈ।
ਰਿਪੋਰਟ ਨੇ ਪਾਇਆ ਕਿ ਕੰਮਕਾਜੀ ਆਬਾਦੀ ਵਿਚ ਸਾਲ 2040 ਤੱਕ ਹਰ ਸਾਲ 2.2 ਪ੍ਰਤੀਸ਼ਤ ਵਾਧਾ ਕਰਨ ਦੀ ਜ਼ਰੂਰਤ ਹੈ ਤਾਂ ਹੀ 2022 ਦੇ ਪੱਧਰ ਵਾਲਾ ਅਨੁਪਾਤ ਬਰਕਰਾਰ ਰੱਖਿਆ ਜਾ ਸਕੇਗਾ। ਨਾਲ ਹੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇ ਮੁਲਕ ਨੂੰ 1990ਵਿਆਂ ਤੋਂ 2015 ਦੇ ਦਰਮਿਆਨ ਦੇ ਸਮੇਂ ਵਾਲੀ ਕੰਮਕਾਜੀ ਆਬਾਦੀ ਚਾਹੀਦੀ ਹੈ ਤਾਂ ਇਸ ਸਮੂਹ ਦੀ ਆਬਾਦੀ ਹਰ ਸਾਲ 4.5 ਪ੍ਰਤੀਸ਼ਤ ਦੀ ਦਰ ਨਾਲ ਵਧਣੀ ਚਾਹੀਦੀ ਹੈ।
ਕੈਨੇਡਾ ਵਿਚ ਇਮੀਗ੍ਰੇਸ਼ਨ ਵਿਚ ਹੁੰਦੇ ਵਾਧੇ ਨੇ ਇਹ ਬਹਿਸ ਵੀ ਛੇੜ ਦਿੱਤੀ ਹੈ ਕਿ ਕੀ ਕੈਨੇਡਾ ਇੱਕ ਹਾਊਸਿੰਗ ਸੰਕਟ ਵਰਗੀ ਸਥਿਤੀ ਵਿਚ ਲਗਾਤਾਰ ਵਧਦੇ ਲੋਕਾਂ ਦੀ ਗਿਣਤੀ ਨੂੰ ਹੈਂਡਲ ਕਰਨ ਲਈ ਤਿਆਰ ਹੈ। 2022 ਦੌਰਾਨ ਇਤਿਹਾਸ ਵਿੱਚ ਪਹਿਲੀ ਵਾਰ ਕੈਨੇਡਾ ਦੀ ਆਬਾਦੀ ਵਿੱਚ 1 ਮਿਲੀਅਨ ਤੋਂ ਵੱਧ ਲੋਕਾਂ ਦਾ ਵਾਧਾ ਹੋਇਆ। ਇਹ ਤਕਰੀਬਨ ਸਾਰਾ ਹੀ ਵਾਧਾ ਪਰਵਾਸੀਆਂ ਅਤੇ ਅਸਥਾਈ ਨਿਵਾਸੀਆਂ ਦੇ ਵਾਧੇ ਕਾਰਨ ਦਰਜ ਕੀਤਾ ਗਿਆ। ਮੁਲਕ ਦੀ ਕੁਲ ਆਬਾਦੀ 2.7 ਪ੍ਰਤੀਸ਼ਤ ਦੀ ਦਰ ‘ਤੇ ਵਧੀ ਜੋਕਿ 1957 ਤੋਂ ਬਾਅਦ ਦਾ ਸਭ ਤੋਂ ਤੇਜ਼ ਵਾਧਾ ਹੈ।
ਲਿਬਰਲ ਸਰਕਾਰ ਨੇ 2025 ਤੱਕ ਹਰ ਸਾਲ 500,000 ਇਮੀਗ੍ਰੈਂਟਸ ਨੂੰ ਕੈਨੇਡਾ ਸੱਦਣ ਦਾ ਟੀਚਾ ਮਿੱਥਿਆ ਹੈ। ਵਧੇਰੇ ਇਮੀਗ੍ਰੇਸ਼ਨ ਦੀ ਵਕਾਲਤ ਕਰਨ ਵਾਲਿਆਂ ਦੀ ਦਲੀਲ ਹੈ ਕਿ ਕੈਨੇਡੀਅਨ ਲੇਬਰ ਮਾਰਕੀਟ ਵਿਚ ਕਾਮਿਆਂ ਦੀ ਸਖ਼ਤ ਜ਼ਰੂਰਤ ਹੈ ਅਤੇ ਸੇਵਾਮੁਕਤ ਹੋ ਰਹੀ ਆਬਾਦੀ ਦੇ ਮੱਦੇਨਜ਼ਰ ਕੈਨੇਡਾ ਵਿਚ ਟੈਕਸ ਭਰਨ ਵਾਲੀ ਆਬਾਦੀ ਦਾ ਪੱਧਰ ਬਰਕਰਾਰ ਰੱਖਣ ਲਈ ਵੀ ਵਧੇਰੇ ਇਮੀਗ੍ਰੇਸ਼ਨ ਦੀ ਜ਼ਰੂਰਤ ਹੈ।
ਦ ਕੈਨੇਡੀਅਨ ਪ੍ਰੈੱਸ