ਅਮਰੀਕਾ ਪਹੁੰਚਣ ਲਈ ਹੁਣ ਪਾਸਪੋਰਟ ‘ਤੇ ਵੀਜ਼ੇ ਦੀ ਮੋਹਰ ਜ਼ਰੂਰੀ ਨਹੀਂ ਹੋਵੇਗੀ। ਬਾਇਡਨ ਸਰਕਾਰ ਵੱਲੋਂ ਪੇਪਰਲੈਸ ਵੀਜ਼ਾ ਨਾਲ ਸਬੰਧਤ ਪਾਇਲਟ ਪ੍ਰੋਜੈਕਟ ਸਫ਼ਲਤਾ ਨਾਲ ਮੁਕੰਮਲ ਕਰ ਲਿਆ ਗਿਆ ਹੈ ਅਤੇ ਜਲਦ ਹੀ ਪੇਪਰਲੈਸ ਵੀਜ਼ਾ ਦੀ ਸਹੂਲਤ ਸ਼ੁਰੂ ਕੀਤੀ ਜਾ ਸਕਦੀ ਹੈ।
ਅਮਰੀਕਾ ਵੱਲੋਂ ਡਬਲਿਨ ਸਥਿਤ ਅੰਬੈਸੀ ਵਿਚ ਛੋਟੇ ਪੱਧਰ ‘ਤੇ ਪੇਪਰਲੈਸ ਵੀਜ਼ਾ ਯੋਜਨਾ ਸ਼ੁਰੂ ਕੀਤੀ ਗਈ ਤੇ ਇਸ ਦੇ ਚੰਗੇ ਸਿੱਟੇ ਸਾਹਮਣੇ ਆਏ। ਵਿਦੇਸ਼ ਵਿਭਾਗ ਵਿਚ ਵੀਜ਼ਾ ਸੇਵਾਵਾਂ ਬਾਰੇ ਉਪ ਸਹਾਇਕ ਮੰਤਰੀ ਜੂਲੀ ਸਟਫ਼ਟ ਮੁਤਾਬਕ ਪ੍ਰਕਿਰਿਆ ਪਹਿਲਾਂ ਵਾਲੀ ਰਹੇਗੀ ਪਰ ਪਾਸਪੋਰਟ ‘ਤੇ ਮੋਹਰ ਲਾਉਣੀ ਦੀ ਜ਼ਰੂਰਤ ਨਹੀਂ ਪਵੇਗੀ। ਨਵੇਂ ਸਾਲ ਤੋਂ ਵੱਖ ਵੱਖ ਮੁਲਕਾਂ ਵਿਚ ਕਾਗਜ਼ ਮੁਕਤ ਵੀਜ਼ਾ ਆਰੰਭਿਆ ਜਾ ਸਕਦਾ ਹੈ।
ਪੇਪਰਲੈਸ ਵੀਜ਼ਾ ਦਾ ਮਤਲਬ ਹੈ ਕਿ ਇਸ ਨੂੰ ਰਿਨਿਊ ਵੇਲੇ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਪਾਸਪੋਰਟ ਜਮ੍ਹਾਂ ਨਹੀਂ ਕਰਵਾਉਣੇ ਹੋਣਗੇ। ਇਸ ਤੋਂ ਇਲਾਵਾ ਡਾਕ ਰਾਹੀ ਪਾਸਪੋਰਟ ਭੇਜਣ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ ਅਤੇ ਬਿਨੈਕਾਰਾਂ ਸਣੇ ਅਮਰੀਕਾ ਸਰਕਾਰ ਨੂੰ ਇਸ ਦਾ ਲਾਮਿਸਾਲ ਫਾਇਦਾ ਹੋਵੇਗਾ।