ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਹਮਲੇ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਅਜਿਹੇ ਵਿਚ ਫ਼ੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨ ਲਈ 32 ਮਿਲੀਅਨ ਡਾਲਰ ਤੋਂ ਵੱਧ ਦੀ ਆਰਥਿਕ ਮਦਦ ਪ੍ਰਦਾਨ ਕਰੇਗੀ।
ਕੈਨੇਡਾ ਵੱਲੋਂ ਐਲਾਨੀ ਗਈ ਨਵੀਂ ਵਿੱਤੀ ਇਮਦਾਦ ਵਿੱਚੋਂ 7.5 ਮਿਲੀਅਨ ਡਾਲਰ ਯੂਕਰੇਨ ਵਿਚ ਲੈਂਡ ਮਾਈਨਾਂ ਹਟਾਉਣ ਦੇ ਯਤਨਾਂ ਵਿਚ ਖ਼ਰਚ ਕੀਤੇ ਜਾਣਗੇ। 13 ਮਿਲੀਅਨ ਡਾਲਰ ਜੰਗ ਨਾਲ ਜੁੜੇ ਜਿਨਸੀ ਹਿੰਸਾ ਦੇ ਮਾਮਲਿਆਂ ਲਈ ਰਾਖਵੇਂ ਕੀਤੇ ਗਏ ਹਨ। 12 ਮਿਲੀਅਨ ਤੋਂ ਵੱਧ ਡਾਲਰ ਰਸਾਇਣਕ, ਜੈਵਿਕ, ਰੇਡੀਓਲੌਜਿਕਲ ਅਤੇ ਪ੍ਰਮਾਣੂ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਦਿੱਤੇ ਜਾਣਗੇ।
ਕੈਨੇਡਾ ਪਿਛਲੀ ਫ਼ਰਵਰੀ ਤੋਂ ਹੁਣ ਤੱਕ ਯੂਕਰੇਨ ਦੀ ਮਦਦ ਲਈ 5 ਬਿਲੀਅਨ ਡਾਲਰ ਦੀ ਮਦਦ ਦਾ ਐਲਾਨ ਕਰ ਚੁੱਕਾ ਹੈ। ਇਸ ਵਿਚੋਂ 2.6 ਬਿਲੀਅਨ ਡਾਲਰ ਵਿੱਤੀ ਮਦਦ, 1.2 ਬਿਲੀਅਨ ਫ਼ੌਜੀ ਇਮਦਾਦ, 320 ਮਿਲੀਅਨ ਮਨੁੱਖਤਾਵਾਦੀ ਸਹਾਇਤਾ, 96 ਮਿਲੀਅਨ ਵਿਕਾਸ ਸਬੰਧੀ ਮਦਦ ਅਤੇ ਸੁਰੱਖਿਆ ਤੇ ਸਥਿਰਤਾ ਲਈ 73.8 ਮਿਲੀਅਨ ਡਾਲਰ ਦਿੱਤੇ ਗਏ ਹਨ।