ਅਕਸਰ ਇਹ ਮੰਨਿਆ ਜਾਂਦਾ ਹੈ ਕਿ ਅੱਠ ਘੰਟੇ ਦੀ ਨੀਂਦ ਇਕ ਵਿਅਕਤੀ ਲਈ ਜ਼ਰੂਰੀ ਹੈ ਪਰ ਇਹ ਗੱਲ ਸਾਰਿਆਂ ‘ਤੇ ਲਾਗੂ ਨਹੀਂ ਹੁੰਦੀ। ਕਈ ਇਹੋ ਜਿਹੇ ਲੋਕ ਹਨ ਜੋ ਅੱਠ ਘੰਟੇ ਤੋਂ ਵਧ ਸੌਂ ਕੇ ਵੀ ਆਪਣੇ-ਆਪ ਨੂੰ ਥੱਕਿਆ-ਥੱਕਿਆ ਮਹਿਸੂਸ ਕਰਦੇ ਹਨ ਅਤੇ ਇਸ ਥਕਾਵਟ ਦੀ ਵਜ੍ਹਾ ਕਰਕੇ ਦਿਨ ਭਰ ਕਿੰਨੀਆਂ ਹੀ ਗ਼ਲਤੀਆਂ ਕਰਦੇ ਹਨ। ਘਰੇਲੂ ਔਰਤਾਂ ਨੂੰ ਨੀਂਦ ਦੀ ਘਾਟ ਕਾਰਨ ਬਹੁਤ ਤਕਲੀਫ਼ ਹੁੰਦੀ ਹੈ। ਕਦੇ ਉਨ੍ਹਾਂ ਤੋਂ ਭਾਂਡੇ ਟੁੱਟਦੇ ਹਨ ਤਾਂ ਕਦੇ ਫਰਿਜ ਵਿਚੋਂ ਸਬਜ਼ੀ ਲੈਣ ਜਾਂਦੀ ਹੈ ਤਾਂ ਸਬਜ਼ੀ ਦੀ ਜਗ੍ਹਾ ਕੁਝ ਹੋਰ ਹੀ ਲੈ ਆਉਂਦੀ ਹੈ।
ਨੀਂਦ ਦੀ ਕਮੀ ਬੱਚਿਆਂ ਦੀ ਪੜ੍ਹਾਈ-ਲਿਖਾਈ ‘ਤੇ ਵੀ ਡੂੰਘਾ ਅਸਰ ਪਾਉਂਦੀ ਹੈ। ਬੱਚੇ ਦਿਨ ਭਰ ਚਿੜਚਿੜੇ ਰਹਿੰਦੇ ਹਨ। ਉਨ੍ਹਾਂ ਤੋਂ ਵੀ ਕਈ ਚੀਜ਼ਾਂ ਟੁੱਟਦੀਆਂ ਹਨ। ਇਕ ਹੋਰ ਨਿਸ਼ਾਨੀ ਇਹ ਹੈ ਕਿ ਉਹ ਹਿਸਾਬ ਵਿਚ ਕਮਜ਼ੋਰ ਅਤੇ ਝਗੜਾਲੂ ਹੋ ਜਾਂਦੇ ਹਨ। ਇਸੇ ਤਰ੍ਹਾਂ ਮਰਦਾਂ ਨੂੰ ਵੀ ਤਕਲੀਫ਼ ਹੁੰਦੀ ਹੈ। ਉਹ ਅਕਸਰ ਗੱਡੀ ਚਲਾਉਂਦੇ ਹੋਏ ਭਿਆਨਕ ਤਰੀਕੇ ਨਾਲ ਗੱਡੀ ਚਲਾਉਂਦੇ ਹਨ, ਜਿਸ ਨਾਲ ਦੁਰਘਟਨਾ ਹੋਣ ਦਾ ਖ਼ਤਰਾ ਰਹਿੰਦਾ ਹੈ। ਇਹ ਇਕ ਮੰਨੀ-ਪ੍ਰਮੰਨੀ ਗੱਲ ਹੈ ਕਿ ਕਈ ਦਰਦਨਾਕ ਦੁਰਘਟਨਾਵਾਂ ਉਨ੍ਹਾਂ ਗੱਡੀ ਚਲਾਉਣ ਵਾਲਿਆਂ ਨਾਲ ਹੀ ਹੁੰਦੀਆਂ ਹਨ, ਜਿਨ੍ਹਾਂ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਆ ਰਹੀ ਹੁੰਦੀ ਹੈ। ਤੁਸੀਂ ਸੋਚੋਗੇ ਕਿ ਇਹ ਕਿਵੇਂ ਹੁੰਦਾ ਹੈ ਜਦੋਂ ਕਿ ਤੁਸੀਂ ਠੀਕ ਸਮੇਂ ‘ਤੇ ਸੌਂਦੇ ਹੋ ਅਤੇ ਉੱਠਦੇ ਹੋ ਤਾਂ ਫਿਰ ਇੰਝ ਕਿਉ? ਕਦੇ-ਕਦੇ ਤਾਂ ਇੰਝ ਵੀ ਹੋਇਆ ਹੈ ਕਿ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਹਨ ਪਰ ਹਕੀਕਤ ਵਿਚ ਤੁਸੀਂ ਸੁੱਤੇ ਹੋਏ ਹੋ। ਇਸ ਤਰ੍ਹਾਂ ਦੇ ਵੇਲੇ ਕੋਈ ਤੁਹਾਡੇ ਨਾਲ ਗੱਲ ਵੀ ਕਰੇ ਤਾਂ ਵੀ ਤੁਸੀਂ ਜੁਆਬ ਨਹੀਂ ਦੇ ਪਾਉਂਦੇ।
ਅੱਜ ਦੇ ਦੌਰ ਵਿਚ ਖਾਸ ਤੌਰ ‘ਤੇ ਸ਼ਹਿਰਾਂ ਵਿਚ ਰਹਿਣ ਵਾਲੇ ਬੱਚੇ, ਨੌਜਵਾਨ ਪੀੜ੍ਹੀ, ਬੁੱਢੇ ਸਾਰੇ ਲੋਕ ਆਪਣੇ 24 ਘੰਟੇ ਵਿਚ ਵੱਧ ਤੋਂ ਵੱਧ ਸਮਾਂ ਅਨੇਕਾਂ ਕੰਮਾਂ ਵਿਚ ਗੁਜ਼ਾਰਦੇ ਹਨ। ਅੱਜ ਦੇ ਦੌਰ ਵਿਚ ਹਰ ਕੋੋਈ ਕੰਮ ਤੋਂ ਇਲਾਵਾ ਹੋਰ ਵੀ ਕਈ ਕੰਮ ਕਰਦਾ ਹੈ ਜਿਵੇਂ ਕਿ ਸਾਰੇ ਲੋਕ ਕੋਈ ਨਾ ਕਿਸੇ ਖਾਸ ਕਿਸਮ ਦੀ ਦਿਲਚਸਪੀ ਅਪਣਾਉਂਦੇ ਹਨ ਫਿਰ ਚਾਹੇ ਉਹ ਸੈਰ ਕਰਨਾ ਹੋਵੇ, ਤੈਰਨਾ, ਨੱਚਣਾ ਸਿੱਖਣਾ ਹੋਵੇ ਜਾਂ ਖੇਡਾਂ ਆਦਿ। ਇਸ ਤਰ੍ਹਾਂ ਆਪਣੇ ਪੂਰੇ ਦਿਨ ਵਿਚ ਆਪਣੇ-ਆਪ ਨੂੰ ਏਨਾ ਰੁਝਿਆ ਹੋਇਆ ਰੱਖਦੇ ਹਨ ਕਿ ਥੋੜ੍ਹਾ ਵੀ ਰੁਕ ਕੇ, ਥੋੜ੍ਹਾ ਜਿਹਾ ਆਰਾਮ ਵੀ ਨਹੀਂ ਕਰਦੇ। ਇਕ ਕਾਰਜ ਖ਼ਤਮ ਹੋਇਆ ਤਾਂ ਦੂਜਾ ਸ਼ੁਰੂ, ਇਸ ਵਜ੍ਹਾ ਕਰਕੇ ਲਗਭਗ 50 ਤੋਂ ਵੀ ਵਧ ਫ਼ੀਸਦੀ ਲੋਕਾਂ ਨੂੰ ਨੀਂਦ ਦੀ ਕਮੀ ਮਹਿਸੂਸ ਹੋ ਰਹੀ ਹੈ। ਇਹੀ ਨਹੀਂ, ਨੀਂਦ ਦੀ ਕਮੀ ਇਕ ਮਹਾਂਮਾਰੀ ਦੀ ਤਰ੍ਹਾਂ ਫੈਲ ਰਹੀ ਹੈ।
ਹਮੇਸ਼ਾ ਇਹ ਮੰਨਿਆ ਜਾਂਦਾ ਹੈ ਕਿ ਇਕ ਆਮ ਇਨਸਾਨ ਨੂੰ ਅੱਠ ਘੰਟੇ ਨੀਂਦ ਲੈਣੀ ਚਾਹੀਦੀ ਹੈ। ਬੱਚਿਆਂ ਨੂੰ ਅਤੇ ਨੌਜਵਾਨ ਪੀੜ੍ਹੀ ਨੂੰ 9-10 ਘੰਟੇ ਨੀਂਦ ਦੀ ਲੋੜ ਹੁੰਦੀ ਹੈ ਇਸ ਲਈ ਆਪਣੇ-ਆਪਣੇ ਕਾਰਜ ਇਸ ਤਰ੍ਹਾਂ ਕਰੋ, ਜਿਸ ਨਾਲ ਤੁਹਾਨੂੰ ਰੋਜ਼ ਛੇ ਜਾਂ ਸੱਤ ਘੰਟੇ ਨੀਂਦ ਮਿਲਦੀ ਰਹੇ ਤੇ ਜੇ ਤੁਹਾਡੀ ਨੀਂਦ ਦੇ ਦੋ ਘੰਟੇ ਘੱਟ ਰਹਿ ਜਾਂਦੇ ਹਨ ਤਾਂ ਇਹ ਦੋ ਘੰਟੇ ਦੀ ਨੀਂਦ ਜੇਕਰ ਇਕ ਜਾਂ ਦੋ ਦਿਨ ਤਕ ਨਾ ਮਿਲੇ ਤਾਂ ਕੋਈ ਖ਼ਾਸ ਅਸਰ ਨਹੀਂ ਹੋਵੇਗਾ। ਪਰ ਜੇਕਰ ਇਹ ਨੀਂਦ ਦਾ ਚੱਕਰ ਕਈ ਦਿਨ ਚਲਦਾ ਰਹੇ ਜਾਂ ਤੁਹਾਡੇ ਜਿਊਣ ਦਾ ਤਰੀਕਾ ਬਣ ਜਾਵੇ ਤਾਂ ਇਹ ਸਾਰੀਆਂ ਤਕਲੀਫ਼ਾਂ ਤੁਹਾਨੂੰ ਹੋ ਸਕਦੀਆਂ ਹਨ।
ਇਸ ਤੋਂ ਇਲਾਵਾ ਨੀਂਦ ਬਾਰੇ ਇਕ ਹੋਰ ਗੱਲ ਦਾ ਵੀ ਧਿਆਨ ਰੱਖੋ।ਕਈ ਲੋਕ ਇਹੋ ਜਿਹੇ ਹਨ ਜਿਨ੍ਹਾਂ ਨੂੰ ਰਾਤ ਨੂੰ ਜਲਦੀ ਨੀਂਦ ਆਉਂਦੀ ਹੈ ਅਤੇ ਉਹ ਸਵੇਰ ਜਲਦੀ ਉੱਠ ਜਾਂਦੇ ਹਨ। ਕਈ ਲੋਕ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਰਾਤ ਨੂੰ ਬਹੁਤ ਦੇਰ ਨਾਲ ਨੀਂਦ ਆਉਂਦੀ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਕੋਈ ਹਲਕੀ-ਫੁਲਕੀ ਕਿਤਾਬ ਜਾਂ ਮੈਗਜ਼ੀਨ ਪੜ੍ਹਨ ਅਤੇ ਰਾਤ ਨੂੰ ਸੌਣ ਦੇ ਸਮੇਂ ਦੁੱਧ ਆਦਿ ਪੀਣ, ਜਿਸ ਨਾਲ ਜਲਦੀ ਨੀਂਦ ਆਉਣ ਦੀ ਸੁਵਿਧਾ ਹੋਵੇ ਅਤੇ ਜੇਕਰ ਫਿਰ ਵੀ ਦੇਰ ਨਾਲ ਨੀਂਦ ਆਵੇ ਤਾਂ ਉਨ੍ਹਾਂ ਨੂੰ ਜਿੰਨੀ ਦੇਰ ਨਾਲ ਹੋ ਸਕੇ ਉੱਠਣਾ ਚਾਹੀਦਾ ਹੈ।
ਇਸ ਸਮੱਸਿਆ ਦਾ ਇਕ ਹੋਰ ਵੀ ਸਰਲ ਉਪਾਅ ਹੈ। ਦਿਨ ਵਿਚ, ਕੰਮ ਦੇ ਬਾਵਜੂਦ ਦੁਪਹਿਰ ਨੂੰ ਖਾਣ ਤੋਂ ਬਾਅਦ ਤੁਸੀਂ ਅੱਖਾਂ ਬੰਦ ਕਰਕੇ ਥੋੜ੍ਹੀ ਝਪਕੀ ਜ਼ਰੂਰ ਲਵੋ। ਇਸ ਨਾਲ ਮਨ ‘ਤੇ ਸਰੀਰ ਸ਼ਾਂਤ ਰਹਿਣਗੇ। ਜੇਕਰ ਤੁਸੀਂ ਇਸ ਤਰ੍ਹਾਂ 15-20 ਮਿੰੰਟ ਵੀ ਨੀਂਦ ਲੈ ਸਕੋ ਤਾਂ ਤੁਸੀਂ ਫਿਰ ਤੋਂ ਚੁਸਤ ਅਤੇ ਫੁਰਤੀਲੇ ਬਣ ਸਕਦੇ ਹੋ। ਨੀਂਦ ਦੀ ਕਮੀ ਅਤੇ ਇਸ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਹਲਕੇ ਢੰਗ ਵਿਚ ਨਾ ਲਵੋ। ਜੇਕਰ ਇਹੋ ਜਿਹੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਬਹੁਤ ਜਰੂਰੀ ਹੈ। ਤੁਸੀਂ ਇਸ ਸਮੱਸਿਆ ਨੂੰ ਅਣਦੇਖਿਆ ਨਾ ਕਰੋ।