ਇਸ ਸਮੇਂ ਬੀਸੀ ਵਿਚ 350 ਤੋਂ ਵੱਧ ਜੰਗਲੀ ਅੱਗਾਂ ਐਕਟਿਵ ਹਨ। ਇਸ ਦੌਰਾਨ ਬੀਸੀ ਨੇ ਜੰਗਲੀ ਅੱਗ ‘ਤੇ ਕਾਬੂ ਪਾਉਣ ਲਈ 1,000 ਹੋਰ ਅੰਤਰਰਾਸ਼ਟਰੀ ਫ਼ਾਇਰਫ਼ਾਈਟਰਜ਼ ਦੀ ਮਦਦ ਮੰਗੀ ਹੈ। ਬੀਸੀ ਦੀ ਐਮਰਜੈਂਸੀ ਮੈਨੈਜਮੰਟ ਮੰਤਰੀ ਬੋਵਿਨ ਮਾ ਨੇ ਦੱਸਿਆ ਕਿ ਸੂਬੇ ਵਿਚ ਪਹਿਲਾਂ ਤੋਂ ਹੀ ਮੈਕਸੀਕੋ ਅਤੇ ਅਮਰੀਕਾ ਤੋਂ 160 ਫ਼ਾਈਰਫ਼ਾਈਟਰਜ਼ ਮੌਜੂਦ ਹਨ ਅਤੇ ਸੂਬੇ ਨੇ 1,000 ਵਾਧੂ ਵਿਦੇਸ਼ੀ ਫ਼ਾਇਰਫ਼ਾਈਟਰਜ਼ ਦੀ ਮਦਦ ਮੰਗੀ ਹੈ। ਮਿਨਿਸਟਰ ਬੋਵਿਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਫ਼ੈਡਰਲ ਹਮਰੁਤਬਾ ਨੂੰ ਵੀ ਵਧੇਰੇ ਮਦਦ ਲਈ ਰਸਮੀ ਤੌਰ ‘ਤੇ ਬੇਨਤੀ ਭੇਜ ਦਿੱਤੀ ਹੈ।
ਬੀਸੀ ਵਾਈਲਡਫ਼ਾਇਰ ਸਰਵਿਸ ਦੇ ਬੁਲਾਰੇ ਕਲਿਫ਼ ਚੈਪਮੈਨ ਨੇ ਕਿਹਾ ਕਿ ਸੂਬੇ ਵਿਚ ਇਸ ਸਮੇਂ ਕਰੀਬ 2,000 ਫ਼ਾਇਰਫ਼ਾਈਟਰ ਅੱਗ ਬੁਝਾਊ ਯਤਨਾਂ ਵਿਚ ਰੁੱਝੇ ਹਨ ਅਤੇ ਉਹ 16 ਤੋਂ 20 ਘੰਟੇ ਕੰਮ ਕਰ ਰਹੇ ਹਨ। ਪਰ ਉਨ੍ਹਾਂ ਨੂੰ ਅਰਾਮ ਵੀ ਚਾਹੀਦਾ ਹੈ ਇਸ ਕਰਕੇ ਅੰਤਰਰਾਸ਼ਟਰੀ ਮਦਦ ਬਹੁਤ ਜ਼ਰੂਰੀ ਹੈ। ਦੱਖਣੀ ਕੋਰੀਆ, ਫਰਾਂਸ, ਦੱਖਣੀ ਅਫ਼ਰੀਕਾ ਅਤੇ ਡੋਮਿਨਿਕਨ ਰੀਪਬਲਿਕ ਦੇ ਫ਼ਾਇਰਫ਼ਾਈਟਰਜ਼ ਵੀ ਕੈਨੇਡਾ ਵਿੱਚ ਜੰਗਲੀ ਅੱਗਾਂ ‘ਤੇ ਕਾਬੂ ਪਾਉਣ ਵਿਚ ਜੁਟੇ ਹੋਏ ਹਨ। ਇਹ ਸੀਜ਼ਨ ਜੰਗਲੀ ਅੱਗਾਂ ਦਾ ਰਿਕਾਰਡ ਤੋੜ ਸੀਜ਼ਨ ਸਾਬਤ ਹੋ ਰਿਹਾ ਹੈ।