ਟੋਰੌਂਟੋ ਪੁਲਿਸ ਦਾ ਕਹਿਣਾ ਹੈ ਕਿ ਇਜ਼ਰਾਈਲ-ਹਮਾਸ ਯੁੱਧ ਦੇ ਦਰਮਿਆਨ ਸ਼ਹਿਰ ਵਿਚ ਨਫ਼ਰਤੀ ਅਪਰਾਧਾਂ ਦੀਆਂ ਰਿਪੋਰਟਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਹਨਾਂ ਰਿਪੋਰਟਾਂ ਵਿਚੋਂ ਅੱਧੇ ਤੋਂ ਵੱਧ ਮਾਮਲੇ ਯਹੂਦੀ ਵਿਰੋਧਵਾਦ ਦੇ ਹਨ। ਟੋਰੌਂਟੋ ਪੁਲਿਸ ਚੀਫ ਮਾਈਰੋਨ ਡੈਮਕਿਊ ਨੇ ਕਿਹਾ ਕਿ ਫੋਰਸ ਨੇ ਸਾਰੇ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੇ ਸ਼ਹਿਰ ਵਿੱਚ ਮੌਜੂਦਗੀ ਵਧਾ ਰੱਖੀ ਹੈ।
ਪੁਲਿਸ ਮੁਤਾਬਿਕ ਜਦੋਂ ਤੋਂ ਇਜ਼ਰਾਈਲ-ਹਮਾਸ ਯੁੱਧ ਸ਼ੁਰੂ ਹੋਇਆ, ਟੋਰੌਂਟੋ ਵਿੱਚ 98 ਨਫ਼ਰਤੀ ਅਪਰਾਧ ਦੀਆਂ ਰਿਪੋਰਟਾਂ ਆਈਆਂ ਹਨ। ਡੈਮਕੀਊ ਨੇ ਕਿਹਾ ਕਿ ਇਸ ਵਿੱਚ ਪਿਛਲੇ ਸਾਲ ਇਸੇ ਸਮੇਂ ਦੌਰਾਨ 18 ਦੇ ਮੁਕਾਬਲੇ 56 ਯਹੂਦੀ ਵਿਰੋਧੀ ਨਫ਼ਰਤੀ ਅਪਰਾਧ ਰਿਪੋਰਟਾਂ ਅਤੇ ਪਿਛਲੇ ਸਾਲ ਇਸੇ ਸਮੇਂ ਦੌਰਾਨ ਦਰਜ ਹੋਈਆਂ ਮੁਸਲਿਮ ਵਿਰੋਧੀ, ਫ਼ਲਸਤੀਨ ਵਿਰੋਧੀ ਅਤੇ ਅਰਬ ਵਿਰੋਧੀ ਨਫ਼ਰਤ ਅਪਰਾਧ ਦੀਆਂ 14 ਰਿਪੋਰਟਾਂ ਦੇ ਮੁਕਾਬਲੇ ਇਸ ਸਾਲ ਦੀਆਂ 37 ਰਿਪੋਰਟਾਂ ਸ਼ਾਮਲ ਹਨ।
ਪੁਲਿਸ ਚੀਫ਼ ਨੇ ਕਿਹਾ ਕਿ ਟੋਰੌਂਟੋ ਵਿੱਚ 7 ਅਕਤੂਬਰ ਤੋਂ ਹੁਣ ਤੱਕ ਦਰਜ ਕੀਤੇ ਗਏ ਨਫ਼ਰਤੀ ਅਪਰਾਧਾਂ ਵਿੱਚੋਂ 53 ਫ਼ੀਸਦੀ ਅਪਰਾਧ ਯਹੂਦੀ ਵਿਰੋਧੀ ਰਹੇ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲ-ਹਮਾਸ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 43 ਗ੍ਰਿਫਤਾਰੀਆਂ ਕੀਤੀਆਂ ਹਨ ਅਤੇ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਨਾਲ ਸਬੰਧਤ 96 ਦੋਸ਼ ਲਗਾਏ ਹਨ। ਸਭ ਤੋਂ ਆਮ ਦੋਸ਼ਾਂ ਵਿੱਚ ਸ਼ਰਾਰਤ ਅਤੇ ਹਮਲਾ ਸ਼ਾਮਲ ਹਨ।
2023 ਦੇ ਅੰਕੜਿਆਂ ਦਾ ਵੇਰਵਾ ਦਿੰਦੇ ਹੋਏ, ਪੁਲਿਸ ਨੇ ਕਿਹਾ ਕਿ 1 ਜਨਵਰੀ ਤੋਂ 17 ਦਸੰਬਰ ਦੇ ਵਿਚਕਾਰ 338 ਨਫ਼ਰਤੀ ਅਪਰਾਧ ਦੀਆਂ ਰਿਪੋਰਟਾਂ ਆਈਆਂ, ਜੋ ਪਿਛਲੇ ਸਾਲ ਦੇ ਇਸੇ ਸਮੇਂ ਕਾਲ ਦੇ ਮੁਕਾਬਲੇ 41 ਪ੍ਰਤੀਸ਼ਤ ਵੱਧ ਹਨ। 2022 ਵਿਚ 239 ਨਫ਼ਰਤੀ ਅਪਰਾਧ ਦੀਆਂ ਰਿਪੋਰਟਾਂ ਆਈਆਂ ਸਨ।
ਇਸ ਅੰਕੜਿਆਂ ਵਿਚ ਪਿਛਲੇ ਸਾਲ 81 ਦੇ ਮੁਕਾਬਲੇ 147 ਯਹੂਦੀ ਵਿਰੋਧੀ ਨਫ਼ਰਤ ਅਪਰਾਧ ਰਿਪੋਰਟਾਂ ਸ਼ਾਮਲ ਹਨ, ਅਤੇ ਪਿਛਲੇ ਸਾਲ ਇਸੇ ਸਮੇਂ ਦੌਰਾਨ ਦਰਜ ਹੋਈਆਂ ਮੁਸਲਿਮ ਵਿਰੋਧੀ, ਫ਼ਲਸਤੀਨ ਵਿਰੋਧੀ ਅਤੇ ਅਰਬ ਵਿਰੋਧੀ ਨਫ਼ਰਤ ਅਪਰਾਧ ਦੀਆਂ 14 ਰਿਪੋਰਟਾਂ ਦੇ ਮੁਕਾਬਲੇ ਇਸ ਸਾਲ ਦੀ 37 ਰਿਪੋਰਟਾਂ ਸ਼ਾਮਲ ਹਨ।
ਪੁਲਿਸ ਚੀਫ਼ ਨੇ ਕਿਹਾ, ਅਸੀਂ ਇਹ ਯਕੀਨੀ ਬਣਾਉਣ ਲਈ ਆਪਣੇ ਸੰਕਲਪ ‘ਤੇ ਦ੍ਰਿੜ ਹਾਂ ਕਿ ਫ਼ਲਸਤੀਨੀ, ਮੁਸਲਿਮ, ਯਹੂਦੀ ਅਤੇ ਸਾਰੇ ਭਾਈਚਾਰਿਆਂ ਨੂੰ ਨਫ਼ਰਤ ਅਤੇ ਹਿੰਸਾ ਦੀਆਂ ਕਾਰਵਾਈਆਂ ਤੋਂ ਸੁਰੱਖਿਅਤ ਰੱਖਿਆ ਜਾਵੇ।