ਕੈਨੇਡਾ ਵਿੱਚ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਅਤੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸੂਬੇ ਵਿੱਚ ਹੀ ਜੁਲਾਈ ਮਹੀਨੇ ਦੌਰਾਨ 192 ਜਣਿਆਂ ਨੇ ਆਪਣੀ ਜਾਨ ਗਵਾਈ। 2016 ਤੋਂ ਲੈ ਕੇ ਹੁਣ ਤੱਕ, ਕੈਨੇਡਾ ਵਿੱਚ ਤਕਰੀਬਨ 45,000 ਲੋਕਾਂ ਦੀ ਮੌਤ ਜ਼ਹਿਰੀਲੇ ਨਸ਼ਿਆਂ ਕਾਰਨ ਹੋ ਚੁੱਕੀ ਹੈ। ਇਸ ਦਰਮਿਆਨ, ਔਰਤਾਂ ਵਿੱਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਿਛਲੇ ਚਾਰ ਸਾਲਾਂ ਵਿੱਚ ਤਕਰੀਬਨ ਦੁੱਗਣੀ ਹੋ ਗਈ ਹੈ।
ਬੀ.ਸੀ. ਦੇ ਚੀਫ ਕੌਰੋਨਰ ਡਾ. ਜਤਿੰਦਰ ਬੈਦਵਾਨ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਕਤਲ, ਸੜਕ ਹਾਦਸਿਆਂ, ਖੁਦਕੁਸ਼ੀਆਂ ਜਾਂ ਕੁਦਰਤੀ ਆਫਤਾਂ ਨਾਲ ਐਨਾ ਜਾਨੀ ਨੁਕਸਾਨ ਨਹੀਂ ਹੋ ਰਿਹਾ ਜਿੰਨਾ ਕਿ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਹੋ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਰੋਜ਼ਾਨਾ ਔਸਤ 6 ਤੋਂ ਵੱਧ ਹੈ। ਹਾਲਾਂਕਿ ਜੁਲਾਈ 2024 ਦੇ ਅੰਕੜਿਆਂ ਅਨੁਸਾਰ, ਮੌਤਾਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 15 ਫੀਸਦੀ ਕਮੀ ਆਈ ਹੈ। ਜੁਲਾਈ 2023 ਵਿੱਚ 226 ਜਣਿਆਂ ਦੀ ਮੌਤ ਨਸ਼ਿਆਂ ਕਾਰਨ ਹੋਈ ਸੀ, ਜਦੋਂ ਕਿ ਇਸ ਵਰ੍ਹੇ ਇਹ ਗਿਣਤੀ 192 ਰਹੀ।
2024 ਦੇ ਪਹਿਲੇ ਸੱਤ ਮਹੀਨਿਆਂ ਵਿੱਚ ਬੀ.ਸੀ. ਵਿੱਚ 1,365 ਲੋਕਾਂ ਨੇ ਨਸ਼ਿਆਂ ਦੀ ਭੇਟ ਚੜ੍ਹਕੇ ਆਪਣੀ ਜਾਨ ਗਵਾਈ ਹੈ। ਜੇਕਰ 2023 ਦੇ ਅੰਕੜਿਆਂ ਨਾਲ ਤੁਲਨਾ ਕੀਤੀ ਜਾਵੇ, ਤਾਂ 2024 ਵਿੱਚ ਇਕ ਲੱਖ ਦੀ ਆਬਾਦੀ ਵਿੱਚੋਂ 41 ਲੋਕਾਂ ਦੀ ਮੌਤ ਹੋਈ, ਜਦਕਿ 2023 ਵਿੱਚ ਇਹ ਗਿਣਤੀ 46 ਸੀ। ਬੀ.ਸੀ. ਵਿੱਚ ਸਭ ਤੋਂ ਜ਼ਿਆਦਾ ਮੌਤਾਂ ਵੈਨਕੂਵਰ ਵਿੱਚ 296 ਦਰਜ ਕੀਤੀਆਂ ਗਈਆਂ, ਜਦਕਿ ਸਰੀ 130 ਮੌਤਾਂ ਨਾਲ ਦੂਜੇ ਸਥਾਨ ‘ਤੇ ਹੈ।
ਡਾ. ਬੈਦਵਾਨ ਨੇ ਇਸ ਗੰਭੀਰ ਮਸਲੇ ਦੀ ਗੰਭੀਰਤਾ ਨੂੰ ਦਰਸਾਉਂਦੇ ਹੋਏ ਕਿਹਾ ਕਿ 31 ਅਗਸਤ ਨੂੰ ਕੌਮਾਂਤਰੀ ਓਵਰਡੋਜ਼ ਜਾਗਰੂਕਤਾ ਦਿਹਾੜਾ ਮਨਾਇਆ ਜਾਵੇਗਾ ਅਤੇ ਸਮਾਜ ਵਿੱਚ ਵਧੇਰੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਉਨ੍ਹਾਂ ਨੇ ਸੂਬੇ ਵਿੱਚ 2016 ਵਿੱਚ ਐਲਾਨ ਕੀਤੀ ਬਿਲਿਕ ਹੈਲਥ ਐਮਰਜੰਸੀ ਦਾ ਵੀ ਜ਼ਿਕਰ ਕੀਤਾ, ਜਿਸ ਤੋਂ ਬਾਅਦ ਬੀ.ਸੀ. ਵਿੱਚ 15,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜੁਲਾਈ 2024 ਵਿੱਚ ਹੋਈਆਂ ਮੌਤਾਂ ਵਿੱਚੋਂ 90 ਫੀਸਦੀ ਮੌਤਾਂ ਫੈਂਟਾਨਿਲ ਕਾਰਨ ਹੋਈਆਂ ਹਨ। ਫੈਂਟਾਨਿਲ ਹੈਰੋਇਨ ਤੋਂ 50 ਗੁਣਾ ਜ਼ਿਆਦਾ ਖਤਰਨਾਕ ਪਦਾਰਥ ਹੈ ਅਤੇ ਇਸ ਦੀ ਵਰਤੋਂ ਨਸ਼ਾ ਤਸਕਰਾਂ ਵੱਲੋਂ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਬੀ.ਸੀ. ਦੇ ਸਿਹਤ ਮਾਮਲਿਆਂ ਦੀ ਮੰਤਰੀ ਜੈਨੀਫਰ ਵਾਈਟਸਾਈਡ ਨੇ ਜਾਣਕਾਰੀ ਦਿੱਤੀ ਕਿ ਨਸ਼ਿਆਂ ਕਾਰਨ ਪੀੜਤ ਲੋਕਾਂ ਲਈ ਇੱਕ ਓਪੀਆਇਡ ਟ੍ਰੀਟਮੈਂਟ ਐਕਸੈਸ ਲਾਈਨ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਪੀੜਤਾਂ ਨੂੰ ਤੁਰੰਤ ਮਦਦ ਪ੍ਰਦਾਨ ਕੀਤੀ ਜਾ ਸਕਦੀ ਹੈ।
ਇਕ ਪਾਸੇ ਸਰਕਾਰਾਂ ਵੱਲੋਂ ਜਾਨੀ ਨੁਕਸਾਨ ਘਟਾਉਣ ਲਈ ਕਾਨੂੰਨੀ ਤੌਰ ‘ਤੇ ਨਸ਼ਿਆਂ ਦੀ ਮਾਮੂਲੀ ਮਾਤਰਾ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਸਦੇ ਨਤੀਜੇ ਨਾਂਹਪੱਖੀ ਰਹੇ ਹਨ। ਇਸਦੇ ਬਾਵਜੂਦ, ਕੈਨੇਡਾ ਦੇ ਵੱਖ ਵੱਖ ਰਾਜਾਂ ਵਿੱਚ ਸੁਰੱਖਿਅਤ ਨਸ਼ਿਆਂ ਦੇ ਕੇਂਦਰਾਂ ਰਾਹੀਂ ਹੁਣ ਤੱਕ 55,000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ, ਪਰ ਇਹ ਕੇਂਦਰ ਅਜੇ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।