ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲਿਵਰ ਵੱਲੋਂ ਪਹਿਲਾ ਬੇਵਿਸਾਹੀ ਮਤਾ ਨਾਕਾਮ ਹੋਣ ਦੇ ਸਿਰਫ਼ 24 ਘੰਟਿਆਂ ਬਾਅਦ, ਉਨ੍ਹਾਂ ਨੇ ਟਰੂਡੋ ਸਰਕਾਰ ਵਿਰੁੱਧ ਦੂਜਾ ਬੇਵਿਸਾਹੀ ਮਤਾ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤਾ। ਇਸ ਮਤੇ ‘ਤੇ ਵੋਟਿੰਗ ਅਗਲੇ ਹਫ਼ਤੇ ਮੰਗਲਵਾਰ ਨੂੰ ਹੋ ਸਕਦੀ ਹੈ, ਪਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਵੀ ਪਹਿਲੇ ਵਾਂਗ ਹੀ ਨਾਕਾਮ ਰਹੇਗਾ ਕਿਉਂਕਿ ਐਨ.ਡੀ.ਪੀ. ਅਤੇ ਬਲੌਕ ਕਿਊਬੈਕਵਾ ਹੁਣ ਵੀ ਲਿਬਰਲ ਸਰਕਾਰ ਦੇ ਹੱਕ ‘ਚ ਹਨ।
ਪੀਅਰ ਪੋਲਿਵਰ ਨੇ ਮਤਾ ਪੇਸ਼ ਕਰਦਿਆਂ ਐਮ.ਪੀਜ਼ ਨੂੰ ਅਪੀਲ ਕੀਤੀ ਕਿ ਘਰਾਂ ਦੀਆਂ ਵਧਦੀਆਂ ਕੀਮਤਾਂ, ਵਧਦੇ ਅਪਰਾਧ ਅਤੇ ਲਿਬਰਲ ਸਰਕਾਰ ਦੀਆਂ ਨਾਕਾਮੀਆਂ ਨੂੰ ਵੇਖਦਿਆਂ, ਜਲਦੀ ਫੈਡਰਲ ਚੋਣਾਂ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਲੋਕਾਂ ਨੇ ਲਿਬਰਲਾਂ ‘ਤੇ ਭਰੋਸਾ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਇਹ ਸਮਾਂ ਹੈ ਕਿ ਕੈਨੇਡੀਅਨ ਲੋਕਾਂ ਨੂੰ ਘਰ ਬਣਾਉਣ ਦੀ ਆਸਾਨੀ, ਬਜਟ ਸੰਤੁਲਨ ਅਤੇ ਜੁਰਮ ਰੋਕਣ ਲਈ ਕੋਈ ਮਜ਼ਬੂਤ ਹੱਲ ਦਿੱਤਾ ਜਾਵੇ। ਉਸ ਦੇ ਨਾਲ, ਕਾਰਬਨ ਟੈਕਸ ਨੂੰ ਵੀ ਤੁਰਤ ਹਟਾਉਣ ਦੀ ਜ਼ਰੂਰਤ ਹੈ।
ਪ੍ਰਸ਼ਨਕਾਲ ਦੌਰਾਨ, ਪੌਇਲੀਐਵ ਨੇ ਸਵਾਲ ਕੀਤਾ ਕਿ “ਲਿਬਰਲ ਸਰਕਾਰ ਦੇ ਖਿਲਾਫ਼ ਮਤੇ ‘ਤੇ ਕਿਸੇ ਨੂੰ ਅਸਹਿਮਤੀ ਕਿਵੇਂ ਹੋ ਸਕਦੀ ਹੈ?” ਦੂਜੇ ਪਾਸੇ, ਹਾਊਸ ਆਫ਼ ਕਾਮਨਜ਼ ਵਿੱਚ ਸਰਕਾਰ ਦੀ ਆਗੂ ਕਰੀਨਾ ਗੂਲਡ ਨੇ ਹੱਸਦਿਆਂ ਕਿਹਾ ਕਿ “ਕੈਨੇਡੀਅਨ ਲੋਕ ਇਸ ਮਤੇ ਦਾ ਵਿਰੋਧ ਕਰ ਰਹੇ ਹਨ।” ਟਰੂਡੋ ਨੇ ਇਸ ਤਰਾਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰ ਰੋਜ਼ ਕੂੜੇ ਦੇ ਢੇਰ ਵਾਂਗ ਟੋਰੀਆਂ ਦੇ ਦੋਸ਼ ਹਟਾਉਣੇ ਪੈਂਦੇ ਹਨ।
ਟਰੂਡੋ ਨੇ ਦੋਸ਼ ਲਾਇਆ ਕਿ ਪੀਅਰ ਪੋਲਿਵਰ ਦੋ ਹਿੱਸਿਆਂ ਵਿੱਚ ਵੰਡੇ ਹੋਏ ਸਿਹਤ ਸਿਸਟਮ ਨੂੰ ਲਿਆਉਣਾ ਚਾਹੁੰਦੇ ਹਨ, ਜਿੱਥੇ ਸਿਹਤ ਸੇਵਾਵਾਂ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਜਾਵੇਗਾ। ਪੋਲਿਵਰ ਨੇ ਇਸ ਦੋਸ਼ ਦਾ ਤੁਰਤ ਜਵਾਬ ਦਿੰਦਿਆਂ ਟਰੂਡੋ ‘ਤੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਾਇਆ।
ਹਾਲਾਂਕਿ, ਵਿਰੋਧੀ ਧਿਰ ਨੂੰ ਕ੍ਰਿਸਮਸ ਤੋਂ ਪਹਿਲਾਂ, ਟਰੂਡੋ ਸਰਕਾਰ ਨੂੰ ਡੇਗਣ ਦੇ ਘੱਟੋ ਘੱਟ ਤਿੰਨ ਮੌਕੇ ਮਿਲਣਗੇ। ਬਲੌਕ ਕਿਊਬੈਕਵਾ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਟਰੂਡੋ ਸਰਕਾਰ ਨੂੰ 29 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ, ਅਤੇ ਇਸ ਸਮੇਂ ਦੌਰਾਨ, ਉਹ ਸਰਕਾਰ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰਨਗੇ।
ਸੰਬੰਧਿਤ ਸਿਆਸੀ ਮਾਹਰਾਂ ਨੇ ਕਿਹਾ ਹੈ ਕਿ ਲਿਬਰਲ ਸਰਕਾਰ ਨੂੰ ਹੁਣ ਵੀ ਐਨ.ਡੀ.ਪੀ. ਅਤੇ ਬਲੌਕ ਕਿਊਬੈਕਵਾ ਦਾ ਸਮਰਥਨ ਹੈ, ਜਿਸ ਕਾਰਨ ਬੇਵਿਸਾਹੀ ਮਤਾ ਪਾਸ ਹੋਣ ਦੇ ਸੰਭਾਵਨਾ ਘੱਟ ਹਨ।